21/05/2025
ਭਾਰਤੀ ਕਿਸਾਨ ਯੂਨੀਅਨ ਦੋਆਬਾ ਵਲੋਂ ਅੱਜ ਜਨਰਲ ਸਕੱਤਰ ਸਤਨਾਮ ਸਿੰਘ ਸਾਹਨੀ ਦੀ ਅਗਵਾਈ ਹੇਠ ਐਸ.ਡੀ.ਐਮ. ਫਗਵਾੜਾ ਜਸ਼ਨਜੀਤ ਸਿੰਘ ਨੂੰ ਇਕ ਮੰਗ ਪੱਤਰ ਦਿੱਤਾ ਗਿਆ। ਜਿਸ ਵਿੱਚ ਪੇਂਡੂ ਇਲਾਕਿਆਂ ਦੀਆਂ ਲਿੰਕ ਸੜਕਾਂ ਦੇ ਬਰਮਾਂ ‘ਤੇ ਮਿੱਟੀ ਪਾਉਣ ਦੀ ਮੰਗ ਕੀਤੀ ਗਈ। ਉਪਰੰਤ ਗੱਲਬਾਤ ਕਰਦਿਆਂ ਕਿਸਾਨ ਆਗੂਆਂ ਸਤਨਾਮ ਸਿੰਘ ਸਾਹਨੀ, ਕੁਲਵਿੰਦਰ ਸਿੰਘ ਕਾਲਾ ਅਠੌਲੀ, ਗੁਰਪਾਲ ਸਿੰਘ ਪਾਲਾ ਮੌਲੀ, ਹਰਭਜਨ ਸਿੰਘ ਬਾਜਵਾ ਅਤੇ ਹਰਵਿੰਦਰ ਸਿੰਘ ਖੁਨਖੁਨ ਮਾਨਾਵਾਲੀ ਨੇ ਦੱਸਿਆ ਕਿ ਖੇਤਾਂ ‘ਚ ਕਣਕਾਂ ਦੀ ਵਢਾਈ ਹੋ ਚੁੱਕੀ ਹੈ ਅਤੇ ਝੋਨੇ ਦੀ ਬੀਜਾਈ 10 ਜੂਨ ਤੋਂ ਹੋਣੀ ਹੈ। ਇਸ ਸਮੇਂ ਦੌਰਾਨ ਪੇਂਡੂ ਸੜਕਾਂ ਦੇ ਬਰਮਾ ਨੂੰ ਮਿੱਟੀ ਪਾ ਕੇ ਚੌੜਾ ਕਰਨ ਦੀ ਮੰਗ ਕੀਤੀ ਗਈ ਹੈ ਤਾਂ ਜੋ ਇਹਨਾਂ ਸੜਕਾਂ ‘ਤੇ ਹੋਣ ਵਾਲੇ ਹਾਦਸਿਆਂ ਨੂੰ ਰੋਕਿਆ ਜਾ ਸਕੇ। ਉਹਨਾਂ ਦੱਸਿਆ ਕਿ ਪਿੰਡਾਂ ਦੀਆਂ ਸੜਕਾਂ ਦੇ ਨਾਲ ਜੋ ਬਰਮ ਹਨ, ਉਹ ਕਿਤੇ ਚਾਰ ਫੁੱਟ ਚੌੜੇ ਹਨ, ਤੇ ਕਿਤੇ ਦੋ ਫੁੱਟ ਹੀ ਹਨ। ਕਈ ਥਾਵਾਂ ਤੇ ਤਾਂ ਇੱਕ ਫੁੱਟ ਵੀ ਨਹੀ ਹਨ। ਜਿਸ ਨਾਲ ਖਾਸ ਤੌਰ ਤੇ ਰਾਤ ਸਮੇਂ ਵਾਹਨ ਚਾਲਕਾਂ ਦੇ ਹਾਦਸੇ ਦਾ ਸ਼ਿਕਾਰ ਹੋਣ ਦਾ ਖਦਸ਼ਾ ਬਣਿਆ ਰਹਿੰਦਾ ਹੈ। ਉਹਨਾਂ ਕਿਹਾ ਕਿ ਸੜਕਾਂ ਕਿਨਾਰੇ ਪੰਜ ਛੇ ਫੁੱਟ ਦੇ ਬਰਮ ਹੋਣੇ ਚਾਹੀਦੇ ਹਨ। ਕਿਉਂਕਿ ਟਰੈਫਿਕ ਦੇ ਵੱਧਣ ਕਾਰਨ ਦੁਰਘਟਨਾਵਾਂ ‘ਚ ਦਿਨੋ ਦਿਨ ਵਾਧਾ ਹੋ ਰਿਹਾ ਹੈ। ਉਹਨਾਂ ਦੱਸਿਆ ਕਿ ਮੰਗ ਪੱਤਰ ਵਿਚ ਇਹ ਮੰਗ ਵੀ ਕੀਤੀ ਗਈ ਹੈ ਕਿ ਜੋ ਮਨਰੇਗਾ ਕਾਮੇ ਸੜਕਾਂ ਦੇ ਕਿਨਾਰੇ ਬੂਟੇ ਲਗਾਉਂਦੇ ਹਨ ਉਹ ਘੱਟੋ ਘੱਟ 50 ਫੁੱਟ ਦੀ ਦੂਰੀ ਤੇ ਲਗਾਏ ਜਾਣ ਕਿਉਂਕਿ ਜਦੋ ਵੀ ਪਿੰਡਾਂ ਵੱਲ ਨੂੰ ਟਿੱਪਰ ਆਉਂਦੇ ਹਨ ਤਾਂ ਬੂਟੇ ਲਾਗੋ ਲਾਗੇ ਲੱਗੇ ਹੋਣ ਕਾਰਨ ਦੋਨਾਂ ਪਾਸਿਉਂ ਇਕ ਦੂਸਰੇ ਨੂੰ ਕਰਾਸ ਕਰਨਾ ਮੁਸ਼ਕਲ ਹੋ ਜਾਂਦਾ ਹੈ। ਕਈ ਵਾਰ ਟਿੱਪਰ ਬੈਕ ਕਰਨ ਨੂੰ ਲੈ ਕੇ ਝਗੜਾ ਹੋ ਜਾਂਦਾ ਹੈ। ਉਹਨਾਂ ਕਿਹਾ ਕਿ ਜੇਕਰ ਜਰੂਰੀ ਹੋਵੇ ਤਾਂ ਜਗ੍ਹਾ ਇਕਵਾਇਰ ਕਰਕੇ ਬਰਮਾਂ ਨੂੰ ਚੌੜਾ ਕੀਤਾ ਜਾਵੇ। ਕਿਸਾਨ ਆਗੂਆਂ ਨੇ ਸੜਕਾਂ ਤੇ ਕਬਜਾ ਕਰਕੇ ਘਰਾਂ ਦੇ ਅੱਗੇ ਬਣਾਏ ਨਜਾਇਜ ਰੈਮਪ ਅਤੇ ਸੜਕਾਂ ਉੱਪਰ ਸੁੱਟੇ ਜਾ ਰਹੇ ਕੂੜੇ ਗੋਹੇ ਨਾਲ ਲੋਕਾਂ ਨੂੰ ਪੇਸ਼ ਆ ਰਹੀ ਸਮੱਸਿਆ ਵੀ ਐਸ.ਡੀ.ਐਮ. ਦੇ ਧਿਆਨ ‘ਚ ਲਿਆਉਂਦੇ ਹੋਏ ਜਰੂਰੀ ਕਦਮ ਚੁੱਕੇ ਜਾਣ ਦੀ ਮੰਗ ਕੀਤੀ। ਐਸ.ਡੀ.ਐਮ. ਜਸ਼ਨਜੀਤ ਸਿੰਘ ਨੇ ਭਰੋਸਾ ਦਿੱਤਾ ਕਿ ਜਲਦੀ ਹੀ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਇਹਨਾਂ ਮੁਸ਼ਕਲਾਂ ਦਾ ਢੁਕਵਾਂ ਹਲ ਕੀਤਾ ਜਾਵੇਗਾ। ਇਸ ਮੌਕੇ ਪਰਦੀਪ ਸਿੰਘ ਦੌਲਤਪੁਰ, ਜਤਿੰਦਰ ਕੁਮਾਰ ਭਾਣੋਕੀ, ਨਿਰੰਜਨ ਸਿੰਘ ਨਸੀਰਾਬਾਦ, ਰਾਹੁਲ, ਪਵਨ ਕੁਮਾਰ, ਅਕਾਸ਼ਦੀਪ, ਹਰਦੀਪ ਸਿੰਘ ਨਸੀਰਾਬਾਦ, ਗੁਰਮੁਖ ਸਿੰਘ ਮਲਕਪੁਰ, ਜਗਜੀਤ ਸਿੰਘ, ਕੁਲਦੀਪ ਸਿੰਘ, ਅਮਨਦੀਪ ਕੁਮਾਰ ਸਰਪੰਚ, ਅਮਨਦੀਪ ਸਿੰਘ ਕਾਕਾ ਨੰਬਰਦਾਰ, ਰਵਿੰਦਰ ਸਿੰਘ ਨੰਗਲ, ਗੁਲਜੀਤ ਸਿੰਘ, ਬਲਜਿੰਦਰ ਸਿੰਘ, ਸ਼ਰਨਜੀਤ ਅਠੌਲੀ, ਚੂਹੜ ਸਿੰਘ ਗੰਡਮ ਆਦਿ ਹਾਜਰ ਸਨ।