
24/07/2022
ਕਾਵਿ-ਸ਼ਾਸਤਰ ਦਾ ਨਵਾਂ ਅੰਕ-28 (ਜੁਲਾਈ-ਸਤੰਬਰ 2022)
(ਪਰਵਾਸ ਅਤੇ ਪਰਵਾਸੀ ਪੰਜਾਬੀ ਸਾਹਿਤ ਵਿਸ਼ੇਸ਼ ਅੰਕ/ ਪ੍ਰਮਾਣਿਕ ਪਰਵਾਸ ਦੇ ਸਿੱਧਾਂਤਕ ਆਧਾਰਾਂ ਨਾਲ ਸੰਬੰਧਿਤ/ ਡਾ.ਹਰਚੰਦ ਸਿੰਘ ਬੇਦੀ ਦੀ ਸਿਮਰਤੀ ਨੂੰ ਸਮਰਪਿਤ)
ਵਰਤਮਾਨ ਪੰਜਾਬ ਅਤੇ ਪੰਜਾਬੀ ਭਾਈਚਾਰੇ ਦੀ ਦਸ਼ਾ ਤੇ ਦਿਸ਼ਾ ਨੂੰ ਸਮਝਣ ਲਈ ਪਰਵਾਸ ਤੇ ਪਰਵਾਸੀ ਸਾਹਿਤ ਦੀ ਸਮਝ/ਪੜਤ ਹੁਣ ਹੋਰ ਵੀ ਜ਼ਰੂਰੀ ਹੋ ਗਈ ਹੈ।ਦੇਸੀ ਤੇ ਬਦੇਸ਼ੀ ਪੰਜਾਬ ਦੇ ਆਪਸੀ ਰਿਸ਼ਤੇ ਅਤੇ ਉਹਨਾਂ ਦੇ ਇਕ ਦੂਸਰੇ ਉੱਪਰ ਪੈਣ ਵਾਲੇ ਪ੍ਭਾਵਾਂ ਨੂੰ ਨਜ਼ਰ ਅੰਦਾਜ਼ ਕਰਕੇ ਹੁਣ ਨਾ ਤਾਂ ਦੇਸੀ ਪੰਜਾਬ ਨੂੰ ਸਮਝਿਆ ਜਾ ਸਕਦਾ ਹੈ ਤੇ ਨਾ ਹੀ ਬਦੇਸ਼ੀ ਪੰਜਾਬ ਨੂੰ।ਪਰਵਾਸੀ ਪੰਜਾਬੀ ਸਾਹਿਤ;ਪਰਵਾਸ ਧਾਰਨ ਕਰਨ,ਸ਼ਨਾਖਤ ਦੇ ਪ੍ਸ਼ਨ ਲਈ ਸੰਘਰਸ਼ ,ਘੱਟ ਗਿਣਤੀ ਸਮੁਦਾਇ ਵਿਚ ਤਬਦੀਲ ਹੋਣ ਤੋਂ ਲੈ ਕੇ ਵਿਸ਼ਵੀਕਰਣ ਦੇ ਇਸ ਦੌਰ ਵਿਚ ਪਰਵਾਸੀ ਪੰਜਾਬੀ ਮਨੁੱਖ ਦੀ ਦੋਹਰੀ ਜ਼ਿੰਦਗੀ ਜਿਊਣ ਦੀ ਮਜ਼ਬੂਰੀ,ਪਾਰ-ਸਭਿਆਚਾਰਕ ਤੇ ਅੰਤਰ-ਸਭਿਆਚਾਰਕ ਮਸਲੇ,ਨਸਲੀ ਵਿਤਕਰੇ ਦੀ ਪਰਹਾਰੀ ਭੂਮਿਕਾ,ਪੀੜੀ- ਪਾੜਾ,ਵਿਭਿੰਨ ਕਿੱਤਿਆਂ ਵਿਚ ਦਰਪੇਸ਼ ਸਮੱਸਿਆਵਾਂ,ਪਰਿਵਾਰਕ ਟੁੱਟ-ਭੱਜ,ਔਰਤਾਂ ਤੇ ਬਜ਼ੁਰਗਾਂ ਦੀ ਸਥਿਤੀ,ਰਾਜਨੀਤੀ,ਧਰਮ,ਆਰਥਿਕਤਾ ਤੇ ਭਾਸ਼ਾ ਆਦਿ ਨਾਲ ਜੁੜੇ ਵਿਭਿੰਨ ਸੰਦਰਭਾਂ ਨੂੰ ਇਕ ਨਵੀਨ ਜ਼ਾਵੀਏ ਤੋਂ ਪ੍ਸਤੁਤ ਕਰਨ ਵੱਲ ਰੁਚਿਤ ਹੈ।ਭਾਰਤੀ ਪੰਜਾਬ,ਪਾਕਿਸਤਾਨੀ ਪੰਜਾਬ,ਪਰਵਾਸੀ ਪੰਜਾਬ ਅਤੇ ਵਿਸ਼ਵ ਦੇ ਸਾਂਝੇ ਮਸਲਿਆਂ ਦੀ ਗਲੋਬਲ ਨੈੱਟਵਰਕਿੰਗ ਦੇ ਪਾਰਰਾਸ਼ਟਰੀ ਅਮਲਾਂ ਦੇ ਉਭਾਰ ਨੂੰ ਵੀ ਇਹ ਸਾਹਿਤ ਬਾਖੂਬੀ ਦਰਸਾ ਰਿਹਾ ਹੈ।ਪਾਰਰਾਸ਼ਟਰੀ ਸਿੱਖਿਆ ਦੇ ਐਕਸਪੋਰਟ ਮਾਰਕਿਟ ਵਰਤਾਰੇ,ਨੌਜਵਾਨ ਪੀੜੀ ਦੀ ਮੂਲਵਾਸ ਤੇ ਪਰਵਾਸ ਵਿਚਲੀ ਜਦੋ-ਜਹਿਦ,ਸਥਾਪਤ ਪਰਵਾਸੀ ਪੰਜਾਬੀ ਸਮੁਦਾਇ ਦੇ ਵਿਵਹਾਰ ਆਦਿ ਦੀ ਪੇਸ਼ਕਾਰੀ ਰਾਹੀਂ ਇਹ ਸਾਹਿਤ ਪਾਰਰਾਸ਼ਟਰੀ ਪੰਜਾਬੀ ਪਹਿਚਾਣ ਨੂੰ ਵੀ ਪੁਨਰ-ਪਰਿਭਾਸ਼ਿਤ ਕਰ ਰਿਹਾ ਹੈ।‘ਕਾਵਿ ਸ਼ਾਸਤਰ’ ਦੇ ਇਸ ਅੰਕ ਵਿਚ ਸ਼ਾਮਿਲ ਵਿਦਵਾਨਾਂ ਦੇ ਖੋਜ-ਪੱਤਰ ਪਰਵਾਸ ਤੇ ਪਰਵਾਸੀ ਪੰਜਾਬੀ ਸਾਹਿਤ ਦੇ ਵਿਭਿੰਨ ਮਸਲਿਆਂ/ਸਰੋਕਾਰਾਂ/ਪ੍ਸ਼ਨਾਂ/ਚੁਣੌਤੀਆਂ/ ਸੰਭਾਵਨਾਵਾਂ ਨੂੰ ਮੁਖਾਤਿਬ ਹਨ।
- ਡਾ. ਅਕਾਲ ਅੰਮ੍ਰਿਤ ਕੌਰ