04/09/2026
ਵੀਕੈਂਡ ਲਈ ਕੋਈ ਹਿੰਦੀ ਫਿਲਮ ਵੇਖਣੀ ਹੈ, ਤਾਂ ਇਹ ਦੋ ਵਧੀਆ ਹਿੰਦੀ ਥ੍ਰਿਲਰ ਵੇਖ ਸਕਦੇ ਹੋ।
1. Bandar
ਬਾਲੀਵੁੱਡ ਦੇ ਸਭ ਤੋਂ ਬੇਬਾਕ ਡਾਇਰੈਕਟਰਾਂ ਵਿੱਚੋਂ ਇੱਕ Anurag Kashyap ਦੀ ਫਿਲਮ - ਬੰਦਰ.
ਸ਼ਾਇਦ Bobby Deol ਦਾ ਹੁਣ ਤੱਕ ਦਾ ਸਭ ਤੋਂ ਤੱਕੜਾ ਤੇ ਔਖਾ ਕਿਰਦਾਰ। ਉਹ ਸਾਰੀ ਫਿਲਮ ਵਿੱਚ ਇੱਕ ਡਰਿਆ ਹੋਇਆ, ਟੁੱਟਿਆ ਹੋਇਆ ਤੇ ਬੇਬੱਸ ਇਨਸਾਨ ਨਜ਼ਰ ਆਉਂਦਾ ਹੈ। ਫਿਲਮ ਵਿੱਚ ਉਹ ਇੱਕ ਪੁਰਾਣਾ ਹੋ ਚੁੱਕਾ ਅਦਾਕਾਰ ਹੈ, ਜਿਸਦਾ ਕਰੀਅਰ ਹੌਲੀ-ਹੌਲੀ ਖਤਮ ਹੋ ਰਿਹਾ ਹੈ। ਪਰ ਉਸਦੀ ਜ਼ਿੰਦਗੀ ਉਸ ਵੇਲੇ ਪੂਰੀ ਤਰ੍ਹਾਂ ਉਲਟ ਜਾਂਦੀ ਹੈ, ਜਦੋਂ ਉਸ ’ਤੇ ਰੇਪ ਦਾ ਇਲਜ਼ਾਮ ਲੱਗ ਜਾਂਦਾ ਹੈ।
ਇਸ ਤੋਂ ਬਾਅਦ ਫਿਲਮ ਸਿਰਫ਼ ਇਹ ਨਹੀਂ ਪੁੱਛਦੀ ਕਿ ਸੱਚ ਕੀ ਹੈ?
ਇਹ ਪੁੱਛਦੀ ਹੈ ਕਿ ਜੇ ਸਮਾਜ ਨੇ ਤੁਹਾਨੂੰ ਦੋਸ਼ੀ ਮੰਨ ਲਿਆ ਹੋਵੇ, ਤਾਂ ਅਦਾਲਤ ਦੇ ਫੈਸਲੇ ਤੋਂ ਪਹਿਲਾਂ ਹੀ ਤੁਹਾਡੀ ਜ਼ਿੰਦਗੀ ਕਿੰਨੀ ਬਦਲ ਸਕਦੀ ਹੈ?
ਪੁਲਿਸ, ਜੇਲ੍ਹ, ਮੀਡੀਆ, ਲੋਕਾਂ ਦੀ ਰਾਏ ਅਤੇ ਇੱਕ ਇਲਜ਼ਾਮ—ਇਹ ਸਭ ਮਿਲ ਕੇ ਇੱਕ ਅਜਿਹੀ ਸਥਿਤੀ ਬਣਾਉਂਦੇ ਨੇ, ਜਿੱਥੇ ਤੁਸੀਂ ਖੁਦ ਵੀ ਸੋਚਣ ਲੱਗਦੇ ਹੋ ਕਿ ਆਖਰ ਸਹੀ ਕੌਣ ਹੈ ਤੇ ਗਲਤ ਕੌਣ?
Anurag Kashyap ਦੀ ਇਹ ਫਿਲਮ ਵੀ ਹਰ ਕਿਸੇ ਲਈ ਸੌਖੀ ਨਹੀਂ ਹੈ। ਕਈ ਸੀਨ ਬੇਚੈਨ ਕਰਦੇ ਨੇ, ਪਰ ਸ਼ਾਇਦ ਇਹੀ ਇਸ ਫਿਲਮ ਦਾ ਮਕਸਦ ਵੀ ਹੈ।
ਜੇ ਤੁਹਾਨੂੰ ਡਾਰਕ, ਅਨਕੰਫਰਟੇਬਲ ਅਤੇ ਸੋਚਣ ਲਈ ਮਜਬੂਰ ਕਰਨ ਵਾਲੀਆਂ ਫਿਲਮਾਂ ਪਸੰਦ ਨੇ, ਤਾਂ Bandar ਨੂੰ ਜ਼ਰੂਰ ਟਰਾਈ ਕਰਿਓ। ਇਸਨੂੰ ਤੁਸੀਂ ZEE5 ’ਤੇ ਵੇਖ ਸਕਦੇ ਹੋ।
ਨੋਟ: Bandar ਫਿਲਮ "A" ਰੇਟਡ ਹੈ।
2. Babita Singh Reporting
ਦੂਜੀ ਫਿਲਮ ਹੈ, ਇੱਕ ਅਜਿਹੀ ਪੁਲਿਸ ਅਫਸਰ ਦੀ ਕਹਾਣੀ, ਜੋ ਖੁਦ ਆਪਣੀ ਜ਼ਿੰਦਗੀ ਵਿੱਚ ਬਹੁਤ ਕੁਝ ਸਹਿ ਰਹੀ ਹੈ। ਪਰ ਜਦੋਂ ਉਸਦੇ ਬਚਪਨ ਦੇ ਦੋਸਤ ਦਾ ਕਤਲ ਹੋ ਜਾਂਦਾ ਹੈ, ਤਾਂ ਉਹ ਇਸ ਮਾਮਲੇ ਦੀ ਤਹਿ ਤੱਕ ਜਾਣ ਤੋਂ ਪਿੱਛੇ ਨਹੀਂ ਹਟਦੀ।
ਪਰ ਇਹ ਸਿਰਫ਼ ਇੱਕ ਮਰਡਰ ਮਿਸਟਰੀ ਨਹੀਂ ਹੈ।
ਇਸ ਫਿਲਮ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ Babita ਨੂੰ ਕਿਸੇ ਸੁਪਰਕਾਪ ਵਾਂਗ ਨਹੀਂ ਦਿਖਾਇਆ ਗਿਆ, ਸਗੋਂ ਇੱਕ ਆਮ ਜਿਹੀ, ਅੰਦਰੋਂ ਡਰੀ ਹੋਈ ਅਤੇ ਹਰ ਕਿਸੇ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਨ ਵਾਲੀ ਔਰਤ ਵਾਂਗ ਦਿਖਾਇਆ ਗਿਆ ਹੈ। ਪਰ ਜਿਵੇਂ-ਜਿਵੇਂ ਜਾਂਚ ਅੱਗੇ ਵਧਦੀ ਹੈ, ਉਸਦੇ ਅੰਦਰ ਦੀ ਹਿੰਮਤ ਵੀ ਸਾਹਮਣੇ ਆਉਣ ਲੱਗਦੀ ਹੈ।
Nimisha Sajayan ਨੇ Babita ਦੇ ਕਿਰਦਾਰ ਨੂੰ ਇੰਨੀ ਕਮਾਲ ਨਾਲ ਨਿਭਾਇਆ ਹੈ ਕਿ ਕਈ ਥਾਵਾਂ ’ਤੇ ਇਹ ਐਕਟਿੰਗ ਨਹੀਂ, ਸਗੋਂ ਉਸਦੀ ਆਪਣੀ ਜ਼ਿੰਦਗੀ ਜਾਪਣ ਲੱਗਦੀ ਹੈ।
ਪਰ ਇੱਕ ਗੱਲ ਕਹਿਣ ਵਿੱਚ ਮੈਨੂੰ ਕੋਈ ਗੁਰੇਜ ਨਹੀਂ ਕਿ ਸ਼ਾਇਦ Nimisha ਦੇ ਟੈਲੇਂਟ ਨੂੰ ਇਸ ਫਿਲਮ ਵਿੱਚ 100% ਇਸਤੇਮਾਲ ਨਹੀਂ ਕੀਤਾ ਗਿਆ, ਅਤੇ ਫਿਲਮ ਹੋਰ ਬਿਹਤਰ ਹੋ ਸਕਦੀ ਸੀ। ਪਰ ਇੱਕ ਵਾਰ ਵੇਖਣ ਵਾਲੀ ਫਿਲਮ ਹੈ।
ਜੇ ਤੁਹਾਨੂੰ ਗਰਾਊਂਡਡ ਕਰਾਈਮ ਥ੍ਰਿਲਰ ਪਸੰਦ ਨੇ, ਤਾਂ ਇਹ Prime Video ’ਤੇ ਵੇਖ ਸਕਦੇ ਹੋ।
ਤੁਸੀਂ ਇਹਨਾਂ ਵਿੱਚੋਂ ਕਿਹੜੀ ਵੇਖੀ ਹੈ? ਆਪਣਾ ਵਿਚਾਰ ਕਮੈਂਟ ਵਿੱਚ ਜ਼ਰੂਰ ਦਿਓ।