20/06/2025
ਪੰਜਾਬ ਵਿੱਚ ਘੜੇ ਦਾ ਜਿਕਰ ਇਤਿਹਾਸ ਜਿੰਨਾਂ ਹੀ ਪੁਰਾਣਾ ਹੈ। ਘੜਾ ਘਰ ਦਾ ਬਰਤਨ ਵੀ ਹੈ, ਸੰਗੀਤ ਦਾ ਸਾਜ਼ ਵੀ ਹੈ, ਲੋਕ ਧਾਰਾ ਦਾ ਪਾਤਰ ਵੀ ਹੈ, ਪੰਜਾਬੀ ਦਰਸ਼ਨ (ਫ਼ਲਸਫ਼ੇ) ਵਿੱਚ ਸੰਕੇਤਕ ਚਿੰਨ ਵੀ ਹੈ।
ਹੇਠਾਂ ਫੋਟੋ ਵਿੱਚ ਪ੍ਰਸਿੱਧ ਥੇਹ ਖੋਜੀ (archeologist) Jonathan Mark Kenoyer ਪੰਜਾਬ ਦੇ ਸ਼ਹਿਰ ਹੜੱਪਾ ਵਿੱਚ 5000 ਸਾਲ ਪੁਰਾਣੇ ਅੱਧਪੱਟੇ ਘੜੇ ਨਾਲ ਦਿਸ ਰਿਹਾ ਹੈ। ਦਿਲਚਸਪ ਗੱਲ ਹੈ ਕਿ ਜਿਸ ਘੜੇ ਨੂੰ ਹਜਾਰਾਂ ਸਾਲ ਤੋਂ ਸੂਰਜ ਦੀ ਕਿਰਨ ਨਹੀਂ ਲੱਗੀ, ਉਹ ਬਿਲਕੁੱਲ ਹੀ ਅੱਜ ਦੇ ਘੜੇ ਵਰਗਾ ਹੀ ਹੈ।
ਬਹੁਤ ਵਾਰ ਕਹਿ ਦਿੱਤਾ ਜਾਂਦਾ ਹੈ ਕਿ ਅਜੋਕੀ ਪੰਜਾਬੀ ਸੱਭਿਅਤਾ ਹਜ਼ਾਰ-ਪੰਦਰਾਂ ਸੌ ਸਾਲ ਪਹਿਲਾਂ ਹੀ ਸ਼ੁਰੂ ਹੋਈ ਹੈ। ਪਰ ਪਦਾਰਥੀ ਸੱਭਿਆਚਾਰ ਤੋਂ ਪਤਾ ਲੱਗਦਾ ਕਿ ਪੰਜਾਬ ਦੀਆਂ ਜੜ੍ਹਾਂ 5500 ਸਾਲ ਪੁਰਾਣੀਆਂ ਹਨ। ਹੜੱਪਾ ਵਿੱਚੋਂ ਲੱਭੀਆਂ ਖੂਹਾਂ ਦੀਆਂ ਮੌਣਾਂ, ਤੰਦੂਰ, ਘੜੇ, ਚਾਟੀਆਂ, ਹਾਰੇ, ਚੁੱਲੇ ਚੌਂਕੇ, ਓਟੇ, ਆਲ਼ੇ ਪੰਜਾਬ ਵਿੱਚ ਹੁੱਣ ਤੱਕ ਦੇਖੇ ਜਾਂਦੇ ਰਹੇ ਹਨ। ਇਸ ਤੋਂ ਵੀ ਵੱਧ ਕਿ ਘੜਾ ਸ਼ਬਦ ਵੀ ਠੇਠ ਪੰਜਾਬੀ ਹੈ। ਸੰਸਕ੍ਰਿਤ, ਪਾਲੀ ਵਿੱਚ ਇਸ ਲਈ ਮਟਕਾ ਜਾਂ ਕੁੰਭ ਵਰਗੇ ਸ਼ਬਦ ਹਨ। ਘੜਾ, ਘੋੜਾ ਆਦਿ ਵਿੱਚਲੇ ਘੱਘਾ ਦਾ ਉਚਾਰਨ ਪੰਜਾਬੀ ਅਤੇ ਸਿੰਧੀ ਬੋਲਣ ਵਾਲਿਆਂ ਤੋਂ ਬਿਨਾਂ ਸਾਡੇ ਵਾਂਗ ਕੋਈ ਹੋਰ ਨਹੀਂ ਕਰ ਸਕਦਾ।
ਕੁੰਭੇ ਬਧਾ ਜਲੁ ਰਹੈ ਜਲ ਬਿਨੁ ਕੁੰਭੁ ਨ ਹੋਇ॥
ਗਿਆਨ ਕਾ ਬਧਾ ਮਨੁ ਰਹੈ ਗੁਰ ਬਿਨੁ ਗਿਆਨੁ ਨ ਹੋਇ॥
ਥੇਹ ਖੋਜੀ ਜਦੋਂ ਦੇ ਪੰਜਾਬ ਵਿੱਚ ਥੇਹ ਫਰੋਲ ਰਹੇ ਹਨ ਓਦੋਂ ਦੇ ਹਰ ਥਾਂ ਘੜੇ ਮਿਲ ਰਹੇ ਹਨ। ਦਿਲਚਸਪ ਗੱਲ ਹੈ ਕਿ ਪੰਜਾਬ ਵਿੱਚ 5500 ਸਾਲ ਤੋਂ ਘੜਿਆ ਦਾ ਡਿਜ਼ਾਈਨ ਅਤੇ ਬਣਾਉਣ ਦਾ ਤਰੀਕਾ ਇੱਕੋ ਹੀ ਹੈ। ਇਸ ਤੋਂ ਵੀ ਵੱਡੀ ਗੱਲ ਹੈ ਕਿ ਦੁਨੀਆ ਵਿੱਚ ਘੁਮਿਆਰ ਦੇ ਚੱਕ ਦਾ ਖੋਜ ਪੰਜਾਬ ਜਾਂ ਹੜੱਪਾ ਸੱਭਿਅਤਾ ਵਿੱਚ ਹੋਈ। ਇਸ ਤੋਂ ਪਹਿਲਾਂ ਚੀਕਣੀ ਮਿੱਟੀ ਨੂੰ ਹੱਥਾਂ ਨਾਲ ਦੱਬ ਦੱਬ ਕੇ ਬਰਤਨ ਦਾ ਆਕਾਰ ਦਿੱਤਾ ਜਾਂਦਾ ਸੀ। ਪਰ ਇੱਕ ਚੱਕਰ ਨੂੰ ਡਾਂਗ ਨਾਲ ਤੇਜ ਘੁੰਮਾਂ ਕੇ ਉੱਪਰ ਮਿੱਟੀ ਦੇ ਗੋਲ ਆਕਾਰ ਦੇ ਭਾਂਡੇ ਬਣਾਉਣ ਦੀ ਵਿਧੀ ਸਿੰਧ ਵਾਦੀ ਦੀ ਸੱਭਿਅਤਾ ਵੇਲੇ ਹੋਈ। ਫੇਰ ਭਾਂਡਿਆਂ ਨੂੰ ਤੇਜ਼ ਅੱਗ ਵਿੱਚ ਤਪਾ ਕੇ ਪੱਕਾ ਕਰਨ ਦੀ ਖੋਜ ਵੀ ਪੁਰਾਤਨ ਪੰਜਾਬ ਵਿੱਚ ਹੀ ਹੋਈ।
ਅਗਲੀ ਵਾਰ ਘੜਾ ਵੱਜਦਾ ਸੁਣਿਓ ਤਾਂ ਇੱਕ ਵਾਰ ਸੋਚਿਓ ਜ਼ਰੂਰ ਕਿ ਇਹ ਅਵਾਜ਼ ਸਾਡੇ ਪੁਰਖਿਆਂ ਦੀ ਹਜ਼ਾਰਾਂ ਸਾਲ ਪਹਿਲਾਂ ਦੀ ਖੋਜ ਦਾ ਨਤੀਜਾ ਹੈ ਅਤੇ ਉਹ ਵੀ ਇਸੇ ਸੰਗੀਤ ਦਾ ਅਨੰਦ ਲੈੰਦੇ ਰਹੇ ਹੋਣਗੇ।
ਘੜਾ ਵੱਜਦਾ ਘੜੋਲੀ ਵੱਜਦੀ
ਕਿਤੇ ਗਾਗਰ ਵੱਜਦੀ ਸੁਣ ਮੁੰਡਿਆ