21/10/2024
ਕਰਨਲ ਜਸਬੀਰ ਭੁੱਲਰ ਨਾਲ ਰੂਬਰੂ ਸਮਾਗਮ ਕਰਵਾਇਆ
---------‐-‐----‐----‐-----------
ਪੰਜਾਬੀ ਦੇ ਉੱਘੇ ਲੇਖਕ ਜਸਬੀਰ ਭੁੱਲਰ ਨਾਲ ਸਾਹਿਤਕਾਰਾਂ ਦੇ ਕਮਰੇ ਵਿੱਚ ਰੂ-ਬਰੂ ਪ੍ਰੋਗਰਾਮ ਕਰਵਾਇਆ ਗਿਆ। ਜਿਸ ਦੀ ਪ੍ਰਧਾਨਗੀ ਪ੍ਰੋਫੈਸਰ ਕਿਰਪਾਲ ਕਜ਼ਾਕ ਨੇ ਕੀਤੀ। ਜਸਬੀਰ ਭੁੱਲਰ ਨਾਲ ਜਾਣ-ਪਛਾਣ ਕਰਾਉਂਦਿਆਂ ਚਿੰਤਕ ਸੁਰਿੰਦਰ ਸ਼ਰਮਾ ਨੇ ਕਿਹਾ ਕਿ ਜਸਬੀਰ ਭੁੱਲਰ ਦੀ ਸਿਰਜਣਾ ਜ਼ਿੰਦਗੀ ਦੀਆਂ ਸੱਚੀਆਂ ਘਟਨਾਵਾਂ 'ਤੇ ਅਧਾਰਿਤ ਹੈ। ਉਹਨਾਂ ਨੇ ਕਿਹਾ ਕਿ ਜਸਬੀਰ ਭੁੱਲਰ ਦਾ ਲਿਖਿਆ ਬਹੁਤ ਹੀ ਕਮਾਲ ਦਾ ਨਾਵਲਿਟ 'ਨੋ ਮੈਨਜ ਲੈਂਡ' ਵਿਦਿਅਰਥੀਆਂ ਦੇ ਸਿਲੇਬਸ ਦਾ ਹਿੱਸਾ ਹੋਣਾ ਚਾਹੀਦਾ ਹੈ। ਯਥਾਰਥਿਕ ਪ੍ਰਸਥਿਤੀਆਂ ਨੂੰ ਆਪਣੇ ਕਲਾਵੇ ਵਿੱਚ ਲੈਂਦੀਆਂ ਇਹਨਾਂ ਦੀਆਂ ਸਾਹਿਤਿਕ ਕਿਰਤਾਂ ਪਾਠਕਾਂ ਨੂੰ ਚਿਰਾਂ ਤੱਕ ਯਾਦ ਰਹਿਣਗੀਆਂ।
ਜਸਬੀਰ ਭੁੱਲਰ ਨੇ ਆਪਣੀ ਗੱਲਬਾਤ ਦੌਰਾਨ ਦੱਸਿਆ ਕਿ ਉਹਨਾਂ ਨੇ ਆਪਣੀ ਨੌਕਰੀ 'ਤੇ ਡਿਊਟੀ ਦੌਰਾਨ ਬਹੁਤ ਸਾਰੀਆਂ ਦਿਲ ਕੰਬਾਊ ਘਟਨਾਵਾਂ ਵੇਖੀਆਂ ਤੇ ਪਿੰਡੇ 'ਤੇ ਹੰਢਾਈਆਂ ਹਨ। ਜਿੰਨਾਂ ਨੂੰ ਯਾਦ ਕਰਦਿਆਂ ਅੱਜ ਵੀ ਦਿਲ ਕੰਬ ਉੱਠਦਾ ਹੈ। ਫੌਜੀ ਜੀਵਨ ਨਾਲ ਸੰਬੰਧਿਤ ਮੇਰੀ ਬਹੁਤ ਸਾਰੀ ਸਿਰਜਣਾ ਸਿਆਚਿਨ ਵਿਖੇ ਡਿਊਟੀ ਕਰਨ ਸਮੇਂ ਦੌਰਾਨ ਦੀ ਹੀ ਹੈ। ਇਸ ਤੋਂ ਇਲਾਵਾ ਉਹਨਾਂ ਨੇ ਅੰਮ੍ਰਿਤਾ ਪ੍ਰੀਤਮ ਨਾਲ ਬਤਾਏ ਆਪਣੇ ਪਲਾਂ ਨੂੰ ਸਾਂਝਾ ਕੀਤਾ। ਉਹਨਾਂ ਦੱਸਿਆ ਕਿ ਨਾਗਮਣੀ ਮੈਗਜ਼ੀਨ ਵਿੱਚ ਭੇਜੀ ਮੇਰੀ ਕੋਈ ਵੀ ਕਹਾਣੀ ਕਦੀ ਵਾਪਸ ਨਹੀਂ ਆਈ। ਇਸ ਗੱਲ ਦਾ ਅੰਮ੍ਰਿਤਾ ਪ੍ਰੀਤਮ ਹਮੇਸ਼ਾ ਜ਼ਿਕਰ ਕਰਦੇ ਸਨ। ਉਸ ਸਮੇਂ ਹਾਜ਼ਰ ਪਾਠਕਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਉਹਨਾਂ ਨੇ ਆਪਣੀ ਸਿਰਜਣਾ, ਘਰੇਲੂ ਜੀਵਨ ਅਤੇ ਹੋਰ ਬਹੁਤ ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ।
ਆਪਣੇ ਪ੍ਰਧਾਨਗੀ ਭਾਸ਼ਣ ਚ ਬੋਲਦਿਆਂ ਪ੍ਰੋਫੈਸਰ ਕਿਰਪਾਲ ਕਜ਼ਾਕ ਨੇ ਕਿਹਾ ਕਿ ਜਸਬੀਰ ਭੁੱਲਰ ਬਹੁਤ ਹੀ ਸੰਜੀਦਾ ਲੇਖਕ ਹੈ। ਉਹਨਾਂ ਕਿਹਾ ਕਿ 'ਕੌਲ ਦੇ ਫੁੱਲ' ਜਸਬੀਰ ਦੀ ਸ਼ਾਹਕਾਰ ਰਚਨਾ ਹੈ। ਜਸਬੀਰ ਭੁੱਲਰ ਨੇ ਹਮੇਸ਼ਾ ਚੰਗਾ ਲਿਖਿਆ ਹੈ। ਉਹ ਕਹਾਣੀਆਂ , ਨਾਵਲ , ਵਾਰਤਕ , ਬਾਲ ਸਾਹਿਤ, ਚਿੱਤਰਕਾਰੀ ਆਦਿ ਵਿੱਚ ਬਹੁਤ ਸੰਜੀਦਗੀ ਨਾਲ ਕਾਰਜ ਕਰਦਾ ਆ ਰਿਹਾ ਹੈ। ਜਸਬੀਰ ਭੁੱਲਰ ਦੀ ਸਿਰਜਣਾ ਨੇ ਸਾਹਿਤਕ ਖੇਤਰ ਵਿੱਚ ਨਵੇਂ ਕੀਰਤੀਮਾਨ ਸਥਾਪਿਤ ਕੀਤੇ ਹਨ।
ਇਸ ਸਮੇਂ ਜਸਬੀਰ ਭੁੱਲਰ ਬਾਰੇ ਸਰਬਜੀਤ ਬੇਦੀ ਦੁਆਰਾ ਸੰਪਾਦਿਤ ਪੁਸਤਕ 'ਵੇਖ ਮਲਕਾ, ਜਸਬੀਰ ਆਇਐ' ਰਿਲੀਜ਼ ਕੀਤੀ ਗਈ।ਗਾਇਕ ਸੁਰ ਇੰਦਰ ਨੇ ਸ਼ਿਵ ਕੁਮਾਰ ਦਾ ਲਿਖਿਆ ਗੀਤ ਆਪਣੀ ਬਹੁਤ ਖ਼ੂਬਸੂਰਤ ਆਵਾਜ਼ ਵਿੱਚ ਗਾਇਆ। ਸ਼ਾਇਰ ਪਬਲਿਸ਼ਰ ਸੁਖਵਿੰਦਰ ਨੇ ਆਪਣੀ ਬੇਟੀ ਬਾਰੇ ਆਪਣੀ ਆਉਣ ਵਾਲੀ ਨਵੀਂ ਕਿਤਾਬ ਵਿੱਚੋਂ ਕੁਝ ਕਵਿਤਾਵਾਂ ਸਾਂਝੀਆਂ ਕੀਤੀਆਂ। ਇਸ ਸਮਾਗਮ ਵਿੱਚ ਲਕਸ਼ਮੀ ਨਰਾਇਣ ਭੀਖੀ,ਬਲਵੰਤ ਭਾਟੀਆ, ਪ੍ਰੀਤ ਮਹਿੰਦਰ ਸੇਖੋਂ, ਨਰਿੰਦਰ ਪਾਲ ਕੌਰ, ਚਿੱਟਾ ਸਿੱਧੂ, ਅਰਵਿੰਦਰ ਇਬਾਦਤ, ਬਖਸ਼ਪ੍ਰੀਤ ਕੌਰ, ਚਮਕੌਰ ਬਿੱਲਾ, ਤਰਸੇਮ ਡਕਾਲਾ ਆਦਿ ਹਾਜ਼ਰ ਸਨ।
-ਸੁਖਵਿੰਦਰ
ਕੈਲੀਬਰ ਪਬਲੀਕੇਸ਼ਨ ਪਟਿਆਲਾ
ਕੈਲੀਬਰ ਪਬਲੀਕੇਸ਼ਨ ਪਟਿਆਲਾ