31/12/2024
ਨਵਾਂ ਸਾਲ
ਸੱਚ ਜਾਣਿਓ
ਮੈਂ ਅੱਜ ਤੁਹਾਨੂੰ
ਅਣਮੰਨੇ ਮਨ ਨਾਲ ਕਿਹਾ ਸੀ
ਨਵਾਂ ਸਾਲ ਮੁਬਾਰਕ।
ਜਦੋਂ ਸਵੇਰੇ ਬਾਹਰ ਗਿਆ
ਤਾਂ ਸਾਡੇ ਸ਼ਹਿਰ ’ਚ ਤਾਂ
ਕੁੱਝ ਵੀ ਨਹੀਂ ਸੀ ਨਵਾਂ
ਉਹੀ ਟੁੱਟੀਆਂ ਸੜਕਾਂ
ਗਲੀਆਂ ’ਚ ਗੰਦ
ਸੜਕਾਂ ’ਤੇ ਸੀਵਰੇਜ ਦਾ ਗੰਦਾ ਪਾਣੀ
ਬੇਨਿਯਮੀ ਆਵਾਜਾਈ
ਤੇ ਸੜਕਾਂ ’ਤੇ ਰੀਂਗਦੇ ਉਦਾਸ ਲੋਕ।
ਮਜ਼ਦੂਰਾਂ ਦੀ ਬਸਤੀ ਦਾ ਮੰਦਾ ਹਾਲ
ਸਿਆਲ ਰੁੱਤੇ ਨੰਗ ਧੜੰਗੇ ਜੁਆਕ
ਕਈ ਚੁੱਲ੍ਹੇ ਸਰਦ
ਕਈ ਲਾਚਾਰ
ਘੱਟ ਉਜਰਤ ਲਈ ਤਿਆਰ
ਕਈ ਦਿਹਾੜੀ ਨਾ ਮਿਲਣ ’ਤੇ
ਤੁਰ ਗਏ ਸਨ ਉਧਾਰ ਮੰਗਣ।
ਹਵੇਲੀਆਂ ਤੇ ਕੋਠੀਆਂ ’ਚ ਚੁੱਪ
ਰਾਤ ਦੇ ਜਸ਼ਨਾਂ ਦੀ ਨੀਂਦ
ਕਿਸੇ ਕਿਸੇ ਕੋਠੀ ਅੱਗੇ
ਬੇਹੀ ਰੋਟੀ ਲਈ ਤਰਲੇ ਕਰਦੇ
ਰਾਤ ਦੇ ਭੁੱਖੇ ਬੱਚੇ
ਜਿਨ੍ਹਾਂ ਦੇ ਲੇਖੀਂ ਲਿਖਿਆ ਹੈ ਮੰਗਣਾ
ਅਮੀਰਾਂ ਦੇ ਬੱਚੇ ਸੌਂ ਰਹੇ ਸਨ
ਐਤਵਾਰੀ ਨੀਂਦ।
ਕੱਕਰ ਬਣੇ ਖੇਤਾਂ ’ਚ
ਕੰਮ ਕਰਦੇ ਕਿਸਾਨ
ਮੰਡੀ ’ਚ ਰੁਲ ਰਿਹਾ ਸੀ ਨਰਮਾ
ਰਾਤ ਭਰ ਨਰਮੇ ਦੀ ਰਾਖੀ
ਸਰਦ ਰਾਤ ’ਚ ਠਰੇ ਹੱਡ
ਧੂੰਈਂ ਸੇਕ ਕੇ ਤੱਤੇ ਕਰਦੇ
ਤੱਕ ਮੇਰੇ ਮਨ ਡੋਲ ਗਿਆ ਸੀ
ਵਾਹ! ਜੱਟਾ ਤੇਰੀ ਹੋਣੀ।
ਸੱਚ ਜਾਣਿਓ
ਮੈਂ ਅੱਜ ਅਣਮੰਨੇ
ਮਨ ਨਾਲ ਕਿਹਾ ਸੀ ਤੁਹਾਨੂੰ
ਨਵਾਂ ਸਾਲ ਮੁਬਾਰਕ।
- ਭੁਪਿੰਦਰ ਪੰਨੀਵਾਲੀਆ