24/07/2025
ਬਲਾਕ ਪ੍ਰਧਾਨ ਮਨਪ੍ਰੀਤ ਵੜੈਚ ਵਲੋਂ ਮੀਡਿਆ ਨੂੰ ਇਕ ਵੀਡੀਓ ਅਤੇ ਪ੍ਰੈਸ ਨੋਟ ਭੇਜ ਸਰਕਾਰ ਦਾ ਜਿਥੇ ਧੰਨਵਾਦ ਕੀਤਾ ਉਥੇ ਹੀ ਕਈ ਸਵਾਲ ਵੀ ਉਠਾਏ । ਕਿਹਾ
ਸਾਢੇ ਤਿੰਨ ਸਾਲ ਦੀ ਕੁੰਭਕਰਨੀ ਨੀਂਦ ਤੋਂ ਬਾਅਦ ਆਖ਼ਿਰਕਾਰ ਪੰਜਾਬ ਸਰਕਾਰ ਜਾਗੀ। ਸਾਡੇ ਕੌਮੀ ਸ਼ਹੀਦ ਸਰਦਾਰ ਉੱਧਮ ਸਿੰਘ ਜੀ ਦੇ ਨਾਂ 'ਤੇ ਸੁਨਾਮ-ਪਟਿਆਲਾ ਰੋਡ (ਕੋਟਸ਼ਮੀਰ ਭਵਾਨੀਗੜ੍ਹ ਰੋਡ) ਦਾ ਨਾਂ ਰੱਖਣ ਦਾ ਫੈਸਲਾ, ਸਿਰਫ ਇੱਕ ਨਾਂਕਰਨ ਨਹੀਂ — ਇਹ ਸਾਡੀ ਲੰਬੇ ਸਮੇਂ ਤੋਂ ਚੱਲ ਰਹੀ ਮੰਗ, ਲੋਕਾਂ ਦੇ ਭਾਵਾਂ ਅਤੇ ਸਨਮਾਨ ਦੀ ਜਿੱਤ ਹੈ। ਇਹ ਮੰਗ ਸਾਡੇ ਵੱਲੋਂ ਲਗਭਗ ਛੇ ਮਹੀਨੇ ਪਹਿਲਾਂ ਜਨਤਾ ਦੀ ਅਵਾਜ਼ ਵਜੋਂ ਸਰਕਾਰ ਤੱਕ ਪਹੁੰਚਾਈ ਗਈ ਸੀ, ਜਿਸ ਵਿੱਚ ਸਪੱਸ਼ਟ ਤੌਰ 'ਤੇ ਕਿਹਾ ਗਿਆ ਸੀ ਕਿ ਜਦੋਂ ਪੰਜਾਬ ਸਰਕਾਰ ਦੇ ਸਭ ਤੋਂ ਵੱਡੇ ਅਹੁਦੇ ਸ਼ਹੀਦ ਸਰਦਾਰ ਉੱਧਮ ਸਿੰਘ ਦੀ ਜਨਮਭੂਮੀ ਤੋਂ ਹਨ, ਫਿਰ ਵੀ ਉਨ੍ਹਾਂ ਦੀ ਸ਼ਹਾਦਤ ਨੂੰ ਨਜ਼ਰਅੰਦਾਜ਼ ਕਰਨਾ ਕਬੂਲਯੋਗ ਨਹੀਂ।
ਸਾਡੀਆਂ ਤਿੰਨ ਮੁੱਖ ਮੰਗਾਂ ਇਹ ਸਨ:
1️⃣ ਸ਼ਹੀਦ ਉੱਧਮ ਸਿੰਘ ਜੀ ਦੇ ਜਨਮ ਦਿਨ ਅਤੇ ਸ਼ਹੀਦੀ ਦਿਹਾੜੇ 'ਤੇ ਗਜ਼ਟਿਡ ਛੁੱਟੀ ਦੀ ਘੋਸ਼ਣਾ।
2️⃣ ਸੁਨਾਮ ਵਿਖੇ ਉਨ੍ਹਾਂ ਦੇ ਨਾਂ 'ਤੇ ਮੈਡੀਕਲ ਕਾਲਜ ਜਾਂ ਵੱਡਾ ਉਦਯੋਗ ਸਥਾਪਿਤ ਕਰਨਾ।
3️⃣ ਸੁਨਾਮ-ਪਟਿਆਲਾ ਮਾਰਗ ਦਾ ਨਾਂ ਉਨ੍ਹਾਂ ਦੇ ਨਾਂ 'ਤੇ ਰੱਖਣਾ।
ਅੱਜ ਜਦ ਸਰਕਾਰ ਨੇ ਸਾਡੇ ਵੱਲੋਂ ਚੁੱਕੀ ਮੰਗ ਨੂੰ ਮੰਨਿਆ ਹੈ, ਅਸੀਂ ਇਸ ਫੈਸਲੇ ਦਾ ਸਵਾਗਤ ਕਰਦੇ ਹਾਂ। ਪਰ ਇਹ ਸਿਰਫ਼ ਇੱਕ ਕਦਮ ਹੈ, ਅਜੇ ਸਾਡਾ ਹਲਕਾ ਉਮੀਦ ਕਰ ਰਿਹਾ ਹੈ ਕਿ ਸਿੱਖਿਆ, ਸਿਹਤ ਅਤੇ ਰੋਜ਼ਗਾਰ ਵੱਲ ਵੀ ਗੰਭੀਰਤਾ ਨਾਲ ਧਿਆਨ ਦਿੱਤਾ ਜਾਵੇ।
ਸਾਡਾ ਸਾਫ਼ ਅਤੇ ਸਿੱਧੇ ਤੌਰ ਤੇ ਸੰਦੇਸ਼ ਹੈ ਕਿ ਸਿਰਫ ਨੀਂਹ ਪੱਥਰ ਰੱਖ ਕੇ ਫੋਟੋਆਂ ਖਿਚਵਾਉਣ ਨਾਲ ਵਿਕਾਸ ਨਹੀਂ ਹੁੰਦਾ।
ਹੁਣ ਲੋਕਾਂ ਦੀਆਂ ਅੱਖਾਂ 'ਚ ਧੂਲ ਪਾਉਣ ਦੀ ਰਾਜਨੀਤੀ ਨਹੀਂ ਚਲਣੀ, ਸਾਡੇ ਲੋਕਾਂ ਨੂੰ ਵਿਕਾਸ ਚਾਹੀਦਾ ਹੈ – ਹਕੀਕਤ ਵਿੱਚ, ਜਮੀਨ 'ਤੇ।
ਇਹ ਸਨਮਾਨ ਸਿਰਫ ਇੱਕ ਰੋਡ ਦਾ ਨਹੀਂ, ਸਾਡੇ ਇਤਿਹਾਸ, ਸਾਡੀ ਪਛਾਣ ਅਤੇ ਸਾਡੀ ਆਵਾਜ਼ ਦਾ ਹੈ।