01/10/2025
ਰਾਜਨੀਤੀ ਵੋਟਾਂ ਨਾਲੋਂ ਜਿਆਦਾ ਸੌਦੇਬਾਜੀਆਂ, ਚਲਾਕੀਆਂ, ਝੂਠ, ਸਾਜਿਸ਼ਾਂ ਅਤੇ ਧੱਕੇਸ਼ਾਹੀ ਉੱਪਰ ਟਿਕੀ ਹੁੰਦੀ ਹੈ। ਇਹ ਅੱਜ ਤੋਂ ਨਹੀਂ ਮਹਾਂਭਾਰਤ ਯੁੱਗ ਤੋਂ ਚਲਦਾ ਆ ਰਿਹਾ ਹੈ.. ਜੇ ਤੁਸੀਂ ਇਹ ਸਮਝਦੇ ਹੋ ਕਿ ਸਿਰਫ਼ ਤੁਹਾਡੀ ਵੋਟ ਨਾਲ ਤਖ਼ਤੇ ਪਲਟਦੇ ਹਨ ਤਾਂ ਗਲਤੀ ਤੁਹਾਡੀ ਹੈ ਉਹਨਾਂ ਦੀ ਨਹੀਂ। ਉਹਨਾਂ ਦਾ ਮਕਸਦ ਸਿਰਫ਼ ਸੱਤਾ ਹਾਸਿਲ ਕਰਨਾ ਹੈ ਫਿਰ ਉਸ ਲਈ ਚਾਹੇ ਕੋਈ ਹੱਥਕੰਡੇ ਅਪਣਾਉਣੇ ਪੈਣ। ਜੇ ਰਾਜਨੀਤਕ ਸਮੀਕਰਨ ਆਵਦੇ ਹੱਕ ਵਿੱਚ ਨਾ ਦਿੱਸਣ ਤਾਂ ਵਿਰੋਧੀਆਂ ਵਿੱਚੋਂ ਉਸ ਵਿਰੋਧੀ ਨੂੰ ਜਿਤਾਉਣ ਉੱਪਰ ਜੋਰ ਝੋਕ ਦਿੱਤਾ ਜਾਂਦਾ ਹੈ ਜੋ ਸੱਤਾ ਹਾਸਿਲ ਕਰਨ ਬਾਅਦ ਦੂਜੇ ਦਾ ਨੁਕਸਾਨ ਨਹੀਂ ਕਰੂ। ਆਵਾਮ ਨੂੰ ਭਾਵੇਂ ਇਹ ਗਲਤ ਨਜ਼ਰ ਆਉਂਦਾ ਹੈ ਪਰ ਰਾਜਨੀਤੀ ਵਿੱਚ ਬੈਠੇ ਲੋਕਾਂ ਲਈ ਤੁਹਾਡੇ ਨਾਲੋਂ ਪਹਿਲਾਂ ਆਵਦਾ ਪਰਿਵਾਰ ਅਤੇ ਆਵਦਾ ਕਾਰੋਬਾਰ ਹੈ ਇਸ ਕਰਕੇ ਉਹਨਾਂ ਦਾ ਆਵਦੇ ਬਾਰੇ ਸੋਚਣਾ ਗ਼ਲਤ ਨਹੀਂ ਹੈ ਕਿਉਂ ਕਿ ਹਰੇਕ ਬੰਦੇ ਨੂੰ ਆਵਦੇ ਭਵਿੱਖ ਬਾਰੇ ਸੋਚਣ ਦਾ ਹੱਕ ਹੈ। ਲੋਕ ਆਵਦਾ ਕੰਮ ਛੱਡ ਕੇ ਇਹਨਾਂ ਲੀਡਰਾਂ ਮਗਰ ਤੁਰੇ ਫਿਰਦੇ ਰਹਿੰਦੇ ਹਨ, ਇਹਨਾਂ ਦੀਆਂ ਗੱਲਾਂ ਵਿੱਚ ਆ ਕੇ ਦੂਜਿਆਂ ਨਾਲ ਨਫਰਤਾਂ ਪਾਲ ਲੈਂਦੇ ਨੇ ਅਤੇ ਇਹਨਾਂ ਲੋਕਾਂ ਵਿੱਚ ਵੱਡੀ ਗਿਣਤੀ ਉਹਨਾਂ ਦੀ ਹੁੰਦੀ ਹੈ ਜਿਹਨਾਂ ਦੀ ਲੀਡਰਾਂ ਨਾਲ ਸਿੱਧੀ ਜਾਣ ਪਹਿਚਾਣ ਵੀ ਨਹੀਂ ਹੁੰਦੀ। ਇਥੋਂ ਤੱਕ ਕਿ ਉਹਨਾਂ ਨੂੰ ਆਪਣੇ ਚਹੇਤੇ ਨੇਤਾ ਨਾਲ ਫੋਟੋ ਖਿਚਵਾਉਣ ਲਈ ਵੀ ਵੀਹ ਬੰਦਿਆਂ ਦੀਆਂ ਮਿੰਨਤਾਂ ਕਰਨੀਆਂ ਪੈਂਦੀਆਂ ਹਨ। ਦਰਅਸਲ ਇਹ ਸਭ ਵੀ ਰਾਜਨੀਤੀ ਦਾ ਹਿੱਸਾ ਹੈ, ਲੋਕਾਂ ਦੇ ਜਜ਼ਬਾਤਾਂ ਨਾਲ ਖੇਡਣਾ ਵੀ ਰਾਜਨੀਤੀ ਦਾ ਹਿੱਸਾ ਹੀ ਹੈ। ਅਜਿਹੇ ਮੁੱਦੇ ਛੇੜ ਦਿੱਤੇ ਜਾਂਦੇ ਹਨ ਕਿ ਤੁਹਾਨੂੰ ਲਗਦਾ ਹੈ ਤੁਸੀਂ ਉਸ ਮੁੱਦੇ ਲਈ ਲੜ ਰਹੇ ਹੋ ਪਰ ਹੁੰਦਾ ਅਸਲ ਵਿੱਚ ਇਹ ਹੈ ਕਿ ਤੁਸੀਂ ਅਸਿੱਧੇ ਰੂਪ ਨਾਲ ਕਿਸੇ ਲੀਡਰ ਨੂੰ ਕੁਰਸੀ ਦਵਾਉਣ ਲਈ ਲੜ ਰਹੇ ਹੁੰਦੇ ਹੋ ਅਤੇ ਇਸ ਗੱਲ ਦੀ ਸਮਝ ਤੁਹਾਨੂੰ ਕਈ ਸਾਲਾਂ ਬਾਅਦ ਆਉਂਦੀ ਹੈ। ਜੇ ਤੁਸੀਂ ਪਿਛਲੇ ਕੁਝ ਸਾਲਾਂ ਦੇ ਇਤਿਹਾਸ ਉੱਪਰ ਨਜ਼ਰ ਮਾਰੋਗੇ ਤਾਂ ਤੁਹਾਨੂੰ ਸੁਖਾਲਾ ਹੀ ਨਜ਼ਰ ਆ ਜਾਊ ਕਿ ਪੰਜਾਬ ਦੇ ਜਿਹਨਾਂ ਮੁੱਦਿਆਂ ਲਈ ਤੁਸੀਂ ਲੜਦੇ ਰਹੇ, ਬਹੁਤ ਜਾਨਾਂ ਵੀ ਗਈਆਂ, ਅਸਲ ਵਿੱਚ ਉਹ ਮੁੱਦੇ ਰਾਜਨੀਤੀ ਦੀ ਪੈਦਾਇਸ਼ ਸਨ। ਅਜਿਹੇ ਮੁੱਦੇ ਕਈ ਸਾਲ ਸਰਕਾਰਾਂ ਬਣਾਉਣ ਦੇ ਕੰਮ ਆਉਂਦੇ ਹਨ ਭਾਵੇਂ ਉਹ ਅਯੁੱਧਿਆ ਮਸਲਾ ਹੋਵੇ, ਕਸ਼ਮੀਰ ਮਸਲਾ ਹੋਵੇ, ਡੇਰਾ ਵਿਵਾਦ ਹੋਵੇ, ਐਸ ਵਾਈ ਐਲ ਹੋਵੇ, ਬਰਗਾੜੀ ਮਸਲਾ ਹੋਵੇ ਜਾਂ ਫਿਰ ਕੋਈ ਹੋਰ ਮੁੱਦਾ। ਇਹ ਸਭ ਰਾਜਨੀਤੀ ਦਾ ਹਿੱਸਾ ਹੈ। ਰਾਜਨੀਤੀ ਦਾ ਸ਼ਿਕਾਰ ਹੋਣ ਤੋਂ ਤੁਹਾਨੂੰ ਸਿਰਫ਼ ਇੱਕ ਵਿਅਕਤੀ ਹੀ ਬਚਾ ਸਕਦਾ ਹੈ ਅਤੇ ਉਹ ਇੱਕ ਵਿਅਕਤੀ ਤੁਸੀਂ ਖੁਦ ਹੋ। ਇਸ ਤੋਂ ਬਚਣ ਦਾ ਤਰੀਕਾ ਇਹ ਹੈ ਕਿ ਤੁਸੀਂ ਸਿਰਫ ਆਵਦੇ ਕੰਮ 'ਤੇ ਧਿਆਨ ਦਿਓ ਅਤੇ ਕਿਸੇ ਹੋਰ ਨੂੰ ਕੁਰਸੀ ਅਤੇ ਰਾਜਸੀ ਸ਼ਕਤੀ ਦਵਾਉਣ ਲਈ ਆਵਦਾ ਸਮਾਂ ਨਸ਼ਟ ਨਾ ਕਰੋ। ਬਚਣਾ ਤੁਸੀਂ ਖੁਦ ਹੈ ਕਿਉਂ ਕਿ ਉਹ ਤੁਹਾਨੂੰ ਇਸ ਰਾਜਨੀਤੀ ਵਿੱਚ ਉਲਝਾਉਣ ਲਈ ਹਰ ਰੋਜ ਨਵੇਂ ਤਰੀਕੇ ਕੱਢ ਕੇ ਲਿਆਉਂਦੇ ਹਨ... ਕਿਓਂ ਕਿ ਇਹੀ ਰਾਜਨੀਤੀ ਦਾ ਧਰਮ ਅਤੇ ਕਰਮ ਹੈ ।
ਅਮ੍ਰਿਤ ਜੱਸਲ ਦੀ ਕੰਧ ਤੋਂ ਕਾਪੀ