
23/09/2025
ਹੈਰਾਨਕੁਨ...
ਜਹਾਜ਼ ਦੇ ਪਹੀਏ ਵਿੱਚ ਘੁੰਮਦੇ ਸੁਪਨੇ
ਕਾਬੁਲ ਦੇ 13 ਸਾਲਾ ਬੱਚੇ ਨੇ ਪੰਜਾਬ ਦੇ ਸੈਣੀ ਭਰਾਵਾਂ ਦਾ ਇਤਿਹਾਸ ਦੁਹਰਾਇਆ
ਕਾਬੁਲ ਦੀ ਧਰਤੀ ’ਤੇ ਰਹਿਣ ਵਾਲੇ 13 ਸਾਲ ਦੇ ਬੱਚੇ ਦੇ ਮਨ ਵਿੱਚ ਇੱਕ ਸੁਪਨਾ ਪਲ ਰਿਹਾ ਸੀ। ਉਹ ਈਰਾਨ ਜਾਣਾ ਚਾਹੁੰਦਾ ਸੀ, ਜਿੱਥੇ ਉਸ ਦਾ ਇੱਕ ਰਿਸ਼ਤੇਦਾਰ ਰਹਿੰਦਾ ਸੀ। ਉਸ ਦੀਆਂ ਦੀਆਂ ਅੱਖਾਂ ਵਿੱਚ ਨਵੀਂ ਜ਼ਿੰਦਗੀ ਦੀ ਚਮਕ ਸੀ ਪਰ ਉਸ ਕੋਲ ਨਾ ਪਾਸਪੋਰਟ ਸੀ, ਨਾ ਵੀਜ਼ਾ। ਫਿਰ ਵੀ, ਉਸ ਦੇ ਹੌਸਲੇ ਨੇ ਹਾਰ ਨਾ ਮੰਨੀ। ਉਸ ਨੇ ਸੁਣਿਆ ਸੀ ਕਿ ਜਹਾਜ਼ਾਂ ਵਿੱਚ ਲੁਕ ਕੇ ਲੋਕ ਦੂਰ-ਦੁਰਾਡੇ ਮੁਲਕਾਂ ਤੱਕ ਪਹੁੰਚ ਜਾਂਦੇ ਹਨ। ਇਸ ਸੁਪਨੇ ਨੇ ਉਸ ਨੂੰ ਕਾਬੁਲ ਹਵਾਈ ਅੱਡੇ ਵੱਲ ਖਿੱਚ ਲਿਆ।
21 ਸਤੰਬਰ, ਸ਼ਨਿਚਰਵਾਰ ਸਵੇਰੇ ਉਹਨੇ ਕਾਬੁਲ ਹਵਾਈ ਅੱਡੇ ’ਤੇ ਯਾਤਰੀਆਂ ਦੇ ਪਿੱਛੇ-ਪਿੱਛੇ ਲੁਕਦਿਆਂ ਅੰਦਰ ਦਾਖਲ ਹੋਣ ਦਾ ਰਾਹ ਲੱਭ ਲਿਆ। ਸਿਕਿਊਰਿਟੀ ਦੀਆਂ ਨਜ਼ਰਾਂ ਤੋਂ ਬਚਦਾ ਹੋਇਆ, ਉਹ ਇੱਕ ਜਹਾਜ਼ ਦੇ ਪਹੀਏ ਵਾਲੇ ਹਿੱਸੇ (ਵ੍ਹੀਲ ਵੈੱਲ) ਵਿੱਚ ਜਾ ਲੁਕਿਆ। ਜਦੋਂ ਜਹਾਜ਼ ਉੱਡਿਆ, ਪਹੀਏ ਅੰਦਰ ਵੱਲ ਚਲੇ ਗਏ ਅਤੇ ਦਰਵਾਜ਼ਾ ਬੰਦ ਹੋ ਗਿਆ। ਉਹ ਉਸ ਤੰਗ ਥਾਂ ਵਿੱਚ ਸੁੰਗੜ ਗਿਆ। ਹਵਾ ਦੀ ਤੇਜ਼ ਸੀਟੀ, ਠੰਡ ਅਤੇ ਘੱਟ ਆਕਸੀਜਨ ਦੇ ਬਾਵਜੂਦ, ਉਸ ਦਾ ਹੌਸਲਾ ਨਾ ਡੋਲਿਆ।
94 ਮਿੰਟ ਦੀ ਉਡਾਣ ਦੌਰਾਨ, 10 ਹਜ਼ਾਰ ਫੁੱਟ ਦੀ ਉਚਾਈ ’ਤੇ, ਜਿੱਥੇ ਆਕਸੀਜਨ ਦੀ ਕਮੀ ਨਾਲ ਜਾਨ ਵੀ ਜਾ ਸਕਦੀ ਸੀ, ਉਸ ਨੇ ਆਪਣੀ ਹਿਮੰਤ ਨਾਲ ਜੰਗ ਜਾਰੀ ਰੱਖੀ। ਜਦੋਂ ਜਹਾਜ਼ ਦਿੱਲੀ ਦੇ ਕੌਮਾਂਤਰੀ ਹਵਾਈ ਅੱਡੇ ’ਤੇ ਉਤਰਿਆ, ਤਾਂ ਉਸ ਬੱਚੇ ਨੂੰ ਬਾਹਰ ਨਿਕਲਦਿਆਂ ਦੇਖ ਕੇ ਹਵਾਈ ਅੱਡੇ ਦੇ ਕਰਮਚਾਰੀ ਹੈਰਾਨ ਰਹਿ ਗਏ। ਸੁਰੱਖਿਆ ਕਰਮਚਾਰੀਆਂ ਨੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਇਮੀਗ੍ਰੇਸ਼ਨ ਵਿਭਾਗ ਦੇ ਹਵਾਲੇ ਕਰ ਦਿੱਤਾ।
ਪੁੱਛਗਿੱਛ ਦੌਰਾਨ ਉਸ ਬੱਚੇ ਨੇ ਦੱਸਿਆ ਹੈ ਕਿ ਉਸ ਦਾ ਮਕਸਦ ਈਰਾਨ ਜਾਣਾ ਸੀ, ਪਰ ਗਲਤੀ ਨਾਲ ਉਹ ਦਿੱਲੀ ਆਉਣ ਵਾਲੇ ਜਹਾਜ਼ ਵਿੱਚ ਚੜ੍ਹ ਗਿਆ। ਅਧਿਕਾਰੀ ਵੀ ਉਸ ਦੀ ਜਾਂਬਾਜ਼ੀ ’ਤੇ ਹੈਰਾਨ ਸਨ। ਉਨ੍ਹਾਂ ਨੇ ਬੱਚੇ ਨੂੰ ਵਾਪਸ ਕਾਬੁਲ ਭੇਜਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ, ਪਰ ਉਸ ਦੀ ਇਸ ਕਹਾਣੀ ਨੇ ਸਭ ਦੇ ਦਿਲਾਂ ਨੂੰ ਛੂਹ ਲਿਆ ਹੈ।
ਇਹ ਪਹਿਲੀ ਵਾਰ ਨਹੀਂ ਹੋਇਆ ਕਿ ਕੋਈ ਅਜਿਹਾ ਜੋਖਮ ਲੈ ਕੇ ਦਿੱਲੀ ਪਹੁੰਚਿਆ। ਸਾਲ 1996 ਵਿੱਚ, ਪੰਜਾਬ ਦੇ ਦੋ ਭਰਾਵਾਂ, ਪ੍ਰਦੀਪ ਸੈਣੀ ਅਤੇ ਵਿਜੈ ਸੈਣੀ ਨੇ ਵੀ ਅਜਿਹੀ ਹੀ ਹਿੰਮਤ ਕੀਤੀ ਸੀ। ਉਹ ਲੰਡਨ ਜਾਣ ਦੇ ਚੱਕਰ ਵਿੱਚ ਬ੍ਰਿਟਿਸ਼ ਏਅਰਵੇਜ਼ ਦੇ ਜਹਾਜ਼ ਦੇ ਲੈਂਡਿੰਗ ਗੀਅਰ ਵਿੱਚ ਲੁਕ ਗਏ। ਪਰ ਇਸ ਸਫਰ ਵਿੱਚ ਵਿਜੈ ਦੀ ਜਾਨ ਚਲੀ ਗਈ। 10 ਘੰਟਿਆਂ ਦੀ ਉਡਾਣ ਦੌਰਾਨ, ਠੰਡ ਅਤੇ ਆਕਸੀਜਨ ਦੀ ਕਮੀ ਨੇ ਉਸ ਨੂੰ ਖਤਮ ਕਰ ਦਿੱਤਾ। ਜਦੋਂ ਜਹਾਜ਼ ਲੰਡਨ ਦੇ ਹੀਥਰੋ ਹਵਾਈ ਅੱਡੇ ’ਤੇ ਉਤਰਿਆ, ਤਾਂ ਪ੍ਰਦੀਪ ਜ਼ਿੰਦਾ ਮਿਲਿਆ, ਪਰ ਵਿਜੈ ਦਾ ਮ੍ਰਿਤਕ ਸਰੀਰ ਰਿਚਮੰਡ ਦੇ ਇੱਕ ਉਦਯੋਗਿਕ ਖੇਤਰ ਵਿੱਚ ਮਿਲਿਆ।
ਕਾਬੁਲ ਦੇ 13 ਸਾਲਾ ਬੱਚੇੁ ਦੀ ਕਹਾਣੀ, ਪ੍ਰਦੀਪ ਅਤੇ ਵਿਜੈ ਦੀ ਤਰ੍ਹਾਂ, ਸੁਪਨਿਆਂ ਦੀ ਉਡਾਣ ਦੀ ਕਹਾਣੀ ਹੈ। ਇਹ ਦੱਸਦੀ ਹੈ ਕਿ ਜਦੋਂ ਦਿਲ ਵਿੱਚ ਕੋਈ ਮਕਸਦ ਹੋਵੇ ਤਾਂ ਇਨਸਾਨ ਅਸੰਭਵ ਨੂੰ ਵੀ ਸੰਭਵ ਕਰਨ ਦੀ ਕੋਸ਼ਿਸ਼ ਕਰਦਾ ਹੈ। ਅਮਰ ਦੀ ਇਸ ਹਿਮੰਤੀ ਯਾਤਰਾ ਨੇ ਸਭ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ 1996ਕਿ ਸੁਪਨੇ ਕਿੰਨੇ ਕੀਮਤੀ ਹੁੰਦੇ ਹਨ ਅਤੇ ਉਨ੍ਹਾਂ ਨੂੰ ਪੂਰਾ ਕਰਨ ਲਈ ਇਨਸਾਨ ਕੀ ਕੁਝ ਕਰ ਸਕਦਾ ਹੈ।
ਪਹਿਲੀ ਤਸਵੀਰ-ਕਾਬਲ ਦਾ 13 ਸਾਲਾ ਬੱਚਾ,ਦਿੱਲੀ ਏਅਰਪੋਰਟ ’ਤੇ ( 21 ਸਤੰਬਰ-2025)
ਦੂਜੀ ਤਸਵੀਰ-1996 ਵਿਚ ਜਹਾਜ਼ ਦੇ ਪਹੀਏ ’ਚ ਲੁਕ ਕੇ ਲੰਡਨ ਪਹੁੰਚਿਆ ਪ੍ਰਦੀਪ