28/10/2025
ਇੱਕ ਵਾਰ ਇੱਕ ਨਵਾਂ ਬਣਿਆ ਸਾਧੂ ਪਿੰਡ ਵਿੱਚ ਭਿੱਖਿਆ ਲੈਣ ਗਿਆ, ਕਈ ਦਰ ਖੜਕਾਉਣ ਮਗਰੋਂ ਇੱਕ ਦਰ ਖੁੱਲ੍ਹਾ ਵਿਖਾਈ ਦਿੱਤਾ ਤਾਂ ਆਵਾਜ਼ ਲਈ..
ਅੱਗਿਓ ਇੱਕ ਬੀਬੀ ਆਈ..
ਸਾਧੂ ਨੇ ਬੇਨਤੀ ਕੀਤੀ ਕਿ ਭੁੱਖਾ ਹਾਂ.. ਕੁਝ ਖਾਣ ਨੂੰ ਮਿਲ ਜਾਂਦਾ ਤਾਂ ਸ਼ੁਕਰ ਹੁੰਦਾ..
ਬੀਬੀ ਨੇ ਉਸਨੂੰ ਬੜੇ ਮੋਹ ਨਾਲ ਘਰ ਦੀ ਦਹਿਲੀਜ਼ ਲੰਘ ਆਉਣ ਲਈ ਕਿਹਾ ਤੇ ਬੈਠਣ ਦਾ ਇਸ਼ਾਰਾ ਕਰਦਿਆਂ ਆਖਣ ਲੱਗੀ ਕਿ, ‘ਭਾਈ ਰੋਟੀ ਦੀ ਕੀ ਗੱਲ.. ਮੈਂ ਹੁਣੇ ਆਟਾ ਗੁੰਨ੍ਹਦੀ ਹਾਂ.! “
ਏਧਰ ਬੀਬੀ ਆਟਾ ਗੁੰਨ੍ਹਣ ਲੱਗੀ ਤੇ ਨਵਾਂ ਬਣਿਆ ਫਕੀਰ ਏਧਰ-ਓਧਰ ਝਾਕਦਾ ਅਚਾਨਕ ਵਿਹੜੇ ਵਿੱਚ ਬੰਨ੍ਹੀ ਮੱਝ ਨੂੰ ਵੇਖਕੇ ਬੋਲਿਆ, “ ਬੀਬੀ ਤੁਹਾਡੀ ਮੱਝ ਤਾਂ ਬੜੀ ਰਾਜੀ ਆ..!”
ਬੀਬੀ ਨੇ ਵੀ ਖੁਸ਼ ਹੋਕੇ ਕਿਹਾ ਕਿ, ‘ਅਸੀਂ ਇਸਦਾ ਧਿਆਨ ਹੀ ਬੜੀ ਰੱਖਦੇ ਹਾਂ ਭਾਈ.!’
“ਪਰ ਬੀਬੀ ਇੱਕ ਚੀਜ਼ ਦਾ ਧਿਆਨ ਤੁਸੀਂ ਨਹੀਂ ਰੱਖਿਆ..”
ਬੀਬੀ ਵੀ ਆਟਾ ਗੁੰਨ੍ਹਦੀ ਰੁਕ ਗਈ ਤੇ ਹੈਰਾਨੀ ਨਾਲ ਪੁੱਛਣ ਲੱਗੀ, “ਕਿਹੜੀ ਗੱਲ ਦਾ ਭਾਈ…!”
ਨਵਾਂ ਫਕੀਰ ਪੂਰੇ ਵਜ਼ਦ ਵਿੱਚ ਆਕੇ ਗਿੱਟੇ ਖੁਰਚਦਿਆਂ ਬੋਲਣ ਲੱਗਾ, “ ਆਹੀ ਬੀਬੀ ਕਿ ਮੱਝ ਤਾਂ ਥੋਡੀ ਬੜ੍ਹੀ ਰਾਜ਼ੀ ਏ, ਪਰ ਤੁਹਾਡੇ ਘਰ ਦਾ ਬੂਹਾ ਬੜਾ ਛੋਟਾ..! ਮਖਿਆ ਜੇ ਕੱਲ੍ਹ ਨੂੰ ਇਹ ਮਰ ਗਈ ਤਾਂ ਬਾਹਰ ਕਿਵੇਂ ਕੱਢੋਂਗੇ..!?”
ਇਹ ਸੁਣ ਬੀਬੀ ਦਾ ਪਾਰਾ ਸੱਤਵੇਂ ਅਸਮਾਨ ਤੇ ਚੜ੍ਹ ਗਿਆ.. ਉਸਨੇ ਅੱਧ-ਗੁੰਨ੍ਹਿਆ ਆਟਾ ਵਗਾਹ ਕੇ ਉਸਦੀ ਝੋਲੀ ਮਾਰਿਆ ਤੇ ਘਰੋਂ ਕੱਢ ਦਿੱਤਾ..!
…..
ਰਾਹ ਵਿੱਚ ਕਿਸੇ ਨੇ ਤੁਰੇ ਜਾਂਦੇ ਸਾਧੂ ਦੀ ਤਿੱਪ-ਤਿੱਪ ਚੋਂਦੀ ਪੋਟਲੀ ਵੇਖਕੇ ਪੁੱਛਿਆ, ‘ਕਿ ਬਾਬਾ ਆਹ ਕੀ ਚੋਈ ਜਾਂਦਾ..?’
ਸਾਧੂ ਨੇ ਨੀਵੀਂ ਪਾਈ ਤੇ ਜਵਾਬ ਦਿੱਤਾ, “ਜ਼ੁਬਾਨ ਦਾ ਰਸ…!”
ਰਵਨੀਤ ।