07/03/2025
‘ਕੁਆਡ’ ਵੱਲੋਂ ਪਹਿਲਗਾਮ ਹਮਲੇ ਦੀ ਨਿਖੇਧੀ
ਨਵੀਂ ਦਿੱਲੀ-ਪਾਕਿਸਤਾਨ ਦੀ ਸ਼ਹਿ ਹਾਸਲ ਅਤਿਵਾਦ ਕਾਰਨ ਭਾਰਤ ਵੱਲੋਂ ਪਾਏ ਜਾ ਰਹੇ ਦਬਾਅ ਦਰਮਿਆਨ ਚਾਰ ਮੁਲਕਾਂ ਦੇ ਸਮੂਹ ‘ਕੁਆਡ’ ਨੇ ਪਹਿਲਗਾਮ ਦਹਿਸ਼ਤੀ ਹਮਲੇ ਦੀ ਨਿਖੇਧੀ ਕੀਤੀ ਹੈ। ਸਮੂਹ ਨੇ ਪਾਕਿਸਤਾਨ ਦਾ ਨਾਮ ਲਏ ਬਗੈਰ ਉਸ ਨੂੰ ਇਸ ‘ਨਿੰਦਣਯੋਗ’ ਕਾਰੇ ਦੇ ਅਪਰਾਧੀਆਂ, ਸਾਜ਼ਿਸ਼ ਘਾੜਿਆਂ ਤੇ ਵਿੱਤੀ ਮਦਦ ਕਰਨ ਵਾਲਿਆਂ ਖਿਲਾਫ਼ ਕਾਰਵਾਈ ਲਈ ਕਿਹਾ ਹੈ। ‘ਕੁਆਡ’ ਦੇ ਵਿਦੇਸ਼ ਮੰਤਰੀਆਂ ਨੇ ਬੀਤੇ ਦਿਨ ਵਾਸ਼ਿੰਗਟਨ ਡੀਸੀ ਵਿਚ ਮੁੁਲਾਕਾਤ ਕਰਕੇ ਸਾਂਝਾ ਬਿਆਨ ਜਾਰੀ ਕੀਤਾ, ਜਿਸ ਵਿਚ ਅਤਿਵਾਦ ਤੇ ਅਪਰੈਲ ਮਹੀਨੇ ਪਹਿਲਗਾਮ ਵਿਚ ਹੋਏ ਦਹਿਸ਼ਤੀ ਹਮਲੇ ਦਾ ਵੀ ਜ਼ਿਕਰ ਸੀ। ‘ਕੁਆਡ’ ਵਿਚ ਭਾਰਤ ਤੋਂ ਇਲਾਵਾ ਅਮਰੀਕਾ, ਜਾਪਾਨ ਤੇ ਆਸਟਰੇਲੀਆ ਸ਼ਾਮਲ ਹਨ। ਬਿਆਨ ਵਿੱਚ ਹਾਲਾਂਕਿ ਭਾਰਤੀ ਤੇ ਪਾਕਿਸਤਾਨੀ ਸੈਨਾਵਾਂ ਵਿਚਾਲੇ ਚਾਰ ਦਿਨ ਤੱਕ ਚੱਲੇ ਫੌਜੀ ਸੰਘਰਸ਼ ਦਾ ਜ਼ਿਕਰ ਨਹੀਂ ਕੀਤਾ ਗਿਆ। ਮੀਟਿੰਗ ’ਚ ਇਸ ਸਾਲ ਮੁੰਬਈ ’ਚ ‘ਭਵਿੱਖ ਦੀ ਕੁਆਡ ਬੰਦਰਗਾਹ’ ਭਾਈਵਾਲੀ ਸ਼ੁਰੂ ਕਰਨ ਦੀ ਯੋਜਨਾ ਦਾ ਵੀ ਐਲਾਨ ਕੀਤਾ ਗਿਆ।
ਅਮਰੀਕੀ ਵਿਦੇਸ਼ ਵਿਭਾਗ ਵੱਲੋਂ ਆਪਣੀ ਵੈੱਬਸਾਈਟ ’ਤੇ ਪੋਸਟ ਕੀਤੇ ਗਏ ਸਾਂਝੇ ਬਿਆਨ ਵਿੱਚ ਕਿਹਾ ਗਿਆ ਹੈ ਕਿ ‘‘(ਅਸੀਂ) ਅਤਿਵਾਦ ਅਤੇ ਹਿੰਸਕ ਕੱਟੜਵਾਦ ਦੇ ਸਾਰੇ ਰੂਪਾਂ ਅਤੇ ਪ੍ਰਗਟਾਵੇ, ਜਿਸ ਵਿੱਚ ਸਰਹੱਦ ਪਾਰੋਂ ਅਤਿਵਾਦ ਵੀ ਸ਼ਾਮਲ ਹੈ, ਦੀ ਸਪੱਸ਼ਟ ਤੌਰ ’ਤੇ ਨਿੰਦਾ ਕਰਦੇ ਹਾਂ ਅਤੇ ਅਤਿਵਾਦ ਖਿਲਾਫ਼ ਸਹਿਯੋਗ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦੇ ਹਾਂ।’’ ਬਿਆਨ ਵਿਚ ਕਿਹਾ ਗਿਆ, ‘‘ਅਸੀਂ 22 ਅਪਰੈਲ, 2025 ਨੂੰ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਦਹਿਸ਼ਤੀ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ, ਜਿਸ ਵਿੱਚ 25 ਭਾਰਤੀ ਅਤੇ ਇੱਕ ਨੇਪਾਲੀ ਨਾਗਰਿਕ ਦੀ ਮੌਤ ਹੋ ਗਈ ਸੀ, ਜਦੋਂ ਕਿ ਕਈ ਹੋਰ ਜ਼ਖਮੀ ਹੋ ਗਏ ਸਨ।’’
ਭਾਰਤ ਨੇ ਪਾਕਿਸਤਾਨ ਉੱਤੇ ਇਸ ਹਮਲੇ ਲਈ ਸਹਾਇਤਾ, ਉਕਸਾਉਣ, ਵਿੱਤ ਪੋਸ਼ਣ ਅਤੇ ਲੌਜਿਸਟੀਕਲ ਸਹਾਇਤਾ ਪ੍ਰਦਾਨ ਕਰਨ ਦਾ ਦੋਸ਼ ਲਗਾਇਆ ਹੈ। ‘ਕੁਆਡ’ ਨੇ ਆਪਣੇ ਬਿਆਨ ਵਿੱਚ ਭਾਵੇਂ ਪਾਕਿਸਤਾਨ ਦਾ ਨਾਮ ਨਹੀਂ ਲਿਆ ਪਰ ਇਹ ਸਪੱਸ਼ਟ ਕਰ ਦਿੱਤਾ ਕਿ ਉਹ ਕਿੱਥੇ ਇਸ਼ਾਰਾ ਕਰ ਰਿਹਾ ਸੀ। ਬਿਆਨ ਵਿੱਚ ‘ਸਰਹੱਦ ਪਾਰੋਂ’ ਅਤਿਵਾਦ ਸ਼ਬਦਾਂ ਦੀ ਵਰਤੋਂ ਕੀਤੀ ਗਈ ਅਤੇ ਇਸ ਤੋਂ ਬਾਅਦ ਪਹਿਲਗਾਮ ਹਮਲੇ ਦੀ ਨਿੰਦਾ ਕੀਤੀ ਗਈ। ਬਿਆਨ ਵਿਚ ਇਹ ਵੀ ਕਿਹਾ ਗਿਆ ਕਿ ‘ਇਸ ਨਿੰਦਣਯੋਗ ਕਾਰਵਾਈ ਦੇ ਦੋਸ਼ੀਆਂ, ਸਾਜ਼ਿਸ਼ਘਾੜਿਆਂ ਅਤੇ ਵਿੱਤੀ ਮਦਦ ਕਰਨ ਵਾਲਿਆਂ ਨੂੰ ਬਿਨਾਂ ਕਿਸੇ ਦੇਰੀ ਦੇ ਨਿਆਂ ਦੇ ਕਟਹਿਰੇ ਵਿੱਚ ਲਿਆਂਦਾ ਜਾਵੇ।’’
ਬਿਆਨ ਵਿੱਚ ਕਿਹਾ ਗਿਆ ਹੈ ਕਿ ‘ਕੁਆਡ’ ਨੇ ਸਾਰੇ ਸੰਯੁਕਤ ਰਾਸ਼ਟਰ ਮੈਂਬਰ ਮੁਲਕਾਂ ਨੂੰ, ਕੌਮਾਂਤਰੀ ਕਾਨੂੰਨ ਅਤੇ ਸਬੰਧਤ ਯੂਐੱਨਐੱਸਸੀਆਰ ਦੇ ਅਧੀਨ ਆਪਣੀਆਂ ਜ਼ਿੰਮੇਵਾਰੀਆਂ ਅਨੁਸਾਰ, ਇਸ ਸਬੰਧ ਵਿੱਚ ਸਾਰੇ ਸਬੰਧਤ ਅਧਿਕਾਰੀਆਂ ਨਾਲ ਸਰਗਰਮੀ ਨਾਲ ਸਹਿਯੋਗ ਕਰਨ ਦੀ ਅਪੀਲ ਕੀਤੀ। ਪਾਕਿਸਤਾਨ ਇੱਕ ਸੰਯੁਕਤ ਰਾਸ਼ਟਰ ਰਾਜ ਹੈ ਅਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਗੈਰ-ਸਥਾਈ ਮੈਂਬਰ ਵਜੋਂ ਇਸ ਮਹੀਨੇ ਨਿਸ਼ਚਿਤ ਮਿਆਦ ਲਈ ਯੂਐੱਨਐੱਸਸੀ ਦੀ ਅਗਵਾਈ ਕਰ ਰਿਹਾ ਹੈ।