04/21/2025
ਖਾਲਿਸਤਾਨ ਕਾਕਸ ਫਾਊਂਡੇਸ਼ਨ ਦੇ ਬੋਰਡ ਆਫ ਡਾਇਰੈਕਟਰਜ਼ ਟ੍ਰੈਂਟ ਫ੍ਰੈਂਕਸ (ਸਾਬਕਾ ਕਾਂਗਰਸਮੈਨ) ਨੇ ਅੱਜ ਗਦਰੀ ਬਾਬਿਆਂ ਦੇ ਇਤਿਹਾਸਕ ਸਥਾਨ ਗੁਰਦਵਾਰਾ ਸਾਹਿਬ ਸਟਾਕਟਨ ਵਿਖੇ ਜੋ ਤਕਰੀਰ ਕੀਤੀ ਉਹ ਖਾਲਿਸਤਾਨ ਦੀ ਆਜ਼ਾਦੀ ਦੀ ਲੜਾਈ 'ਚ ਇੱਕ ਮੀਲ ਪੱਥਰ ਬਣੇਗੀ. ਤਕਰੀਰ ਤੋਂ ਪਹਿਲਾਂ ਉਹਨਾਂ ਨੇ ਗੁਰਦਵਾਰਾ ਸਾਹਿਬ ਵਿਖੇ ਖਾਲਿਸਤਾਨ ਦਾ ਝੰਡਾ ਵੀ ਚੜ੍ਹਾਇਆ. ਪੇਸ਼ ਹੈ ਉਹਨਾਂ ਦੀ ਤਕਰੀਰ ਦੀ ਵੀਡੀਓ ਅਤੇ ਅੱਖਰ ਪਾਠ... (ਅੰਗਰੇਜ਼ੀ ਭਾਗ ਪਹਿਲੇ ਕਾਮੈਂਟ 'ਚ)
(ਪੰਜਾਬੀ) - ਮੇਰੇ ਲਈ ਅੱਜ ਇਥੇ ਤੁਹਾਡੇ ਦਰਮਿਆਨ ਮੌਜੂਦ ਹੋਣਾ ਸੱਚ-ਮੁੱਚ ਬਹੁਤ ਮਾਣ ਵਾਲੀ ਗੱਲ ਹੈ। ਸਟਾਕਟਨ ਗੁਰਦਵਾਰਾ ਸਾਹਿਬ ਦੀ ਸੰਗਤ ਵੱਲੋਂ ਖਾਸ ਤੌਰ 'ਤੇ ਸੱਦਾ ਭੇਜ ਕੇ ਮੈਨੂੰ ਇੱਥੇ ਬੁਲਾਉਣ ਲਈ ਮੈਂ ਸਿੱਖਾਂ ਦਾ ਹਮੇਸ਼ਾ ਰਿਣੀ ਰਹਾਂਗਾ। ਇਹ ਮੇਰੇ ਲਈ ਇੱਕ ਵੱਡਾ ਸਨਮਾਨ ਹੈ ਕਿ ਮੈਂ ਖਾਲਿਸਤਾਨ ਕਾਕਸ ਫਾਊਂਡੇਸ਼ਨ ਦੇ ਬੋਰਡ ਮੈਂਬਰ ਦੇ ਤੌਰ 'ਤੇ ਜੁਝਾਰੂ ਅਮਰੀਕਨ ਸਿੱਖਾਂ ਅਤੇ ਭਾਈ ਪਰਮਿੰਦਰ ਸਿੰਘ ਛੰਦੜਾਂ ਦੇ ਨਾਲ ਕੰਮ ਕਰ ਰਿਹਾ ਹਾਂ।
ਤੁਹਾਡੇ 'ਚੋਂ ਬਹੁਤਿਆਂ ਨੂੰ ਇਹ ਪਤਾ ਹੋਵੇਗਾ ਕਿ ਮੈਂ ਧਾਰਮਿਕ ਤੌਰ 'ਤੇ ਈਸਾਈ ਹਾਂ, ਅਤੇ ਮੇਰੇ ਲਈ ਅੱਜ ਦੇ ਸਾਡੇ ਸਭ ਤੋਂ ਵੱਡੇ ਤਿਉਹਾਰ 'ਈਸਟਰ' (ਇਹ ਦਿਨ ਯਿਸੂ ਦੀ ਸਲੀਬ ਉੱਤੇ ਚੜ੍ਹਾਏ ਜਾਣ ਤੋਂ ਤਿੰਨ ਦਿਨ ਬਾਅਦ ਉਸਦੇ ਮੁੜ ਜੀਅ ਉੱਠਣ ਨੂੰ ਦਰਸਾਉਂਦਾ ਹੈ। ਈਸਾਈ ਗਿਰਜਾਘਰਾਂ ਲਈ, ਈਸਟਰ ਵਰਤ ਅਤੇ ਪਸ਼ਚਾਤਾਪ ਦੇ ਲੈਂਟਨ ਸੀਜ਼ਨ ਦਾ ਖੁਸ਼ੀ ਭਰਿਆ ਅੰਤ ਹੈ) ਦੇ ਮੌਕੇ 'ਤੇ ਤੁਹਾਡੇ ਦਰਮਿਆਨ ਹੋਣਾ ਬਹੁਤ ਵੱਡੀ ਅਤੇ ਅਰਥਪੂਰਨ ਗੱਲ ਹੈ। ਇਹ ਹੋਰ ਵੀ ਮਹੱਤਵਪੂਰਨ ਹੋ ਜਾਂਦਾ ਹੈ ਖਾਸ ਕਰਕੇ ਜਦੋਂ ਸਾਰੇ ਸੰਸਾਰ ਭਰ ਦੇ ਸਿੱਖ, 'ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖਾਲਸਾ ਪ੍ਰਗਟ ਕਰਨ ਦੇ ਪਵਿੱਤਰ ਦਿਹਾੜੇ ਵਿਸਾਖੀ' ਨੂੰ ਮਨਾ ਰਹੇ ਹਨ।
ਸਿੱਖਾਂ ਲਈ ਇਸ ਮਕਸਦ ਭਰਪੂਰ ਅਤੇ ਵੱਡੇ ਇਤਿਹਾਸਕ ਦਿਹਾੜੇ ਦੇ ਮੌਕੇ 'ਤੇ ਮੈਂ ਸਾਰਿਆਂ ਨੂੰ ਮੁਬਾਰਕਵਾਦ ਦਿੰਦਾ ਹਾਂ। ਮੈਨੂੰ ਪਤਾ ਹੈ ਤੁਸੀਂ ਆਪਣੇ ਵਤਨ ਖਾਲਿਸਤਾਨ ਦੀ ਆਜ਼ਾਦੀ ਲਈ ਅਕਾਲ ਪੁਰਖ ਵਾਹਿਗੁਰੂ ਦੇ ਸਨਮੁਖ ਅਰਦਾਸ ਬੇਨਤੀ ਕਰਨ ਵਾਸਤੇ ਇਕੱਠੇ ਹੋਏ ਹੋ। ਇਸ ਨਾਲ ਅੱਜ ਦਾ ਇਹ ਦਿਨ ਸਿਰਫ ਵਿਸਾਖੀ ਮਨਾਉਣ ਦਾ ਇਕ ਦਿਹਾੜਾ ਨਾ ਹੋ ਕੇ ਸਾਡੇ ਸਾਰਿਆਂ ਲਈ ਹੀ ਨਹੀਂ ਬਲਕਿ ਪੂਰੀ ਦੁਨੀਆ ਲਈ ਇਤਿਹਾਸਕ ਤੌਰ 'ਤੇ ਇਕ ਬਹੁਤ ਹੀ ਡੂੰਘੇ ਅਰਥਾਂ ਵਾਲਾ ਦਿਨ ਬਣ ਜਾਂਦਾ ਹੈ।ਸਿੱਖ ਲੋਕਾਂ ਦਾ ਦਿਲ ਹਮੇਸ਼ਾ ਈਸਾਈਆਂ ਅਤੇ ਯਹੂਦੀਆਂ ਦੇ ਨਾਲ-ਨਾਲ ਦੁਨੀਆ ਭਰ ਦੇ ਸਾਰੇ ਧਰਮਾਂ ਦੇ ਲੋਕਾਂ ਪ੍ਰਤੀ ਪਿਆਰ ਸਤਿਕਾਰ ਕਰਨ ਵਾਲਾ ਰਿਹਾ ਹੈ। ਅਤੇ ਅਮਰੀਕਾ ਦੇ ਹੋਣ ਤੋਂ ਵੀ ਬਹੁਤ ਪਹਿਲਾਂ, ਸਿੱਖਾਂ ਨੇ ਉਹਨਾਂ ਸਿਧਾਂਤਾਂ ਨੂੰ ਅਪਣਾਇਆ ਹੋਇਆ ਸੀ ਜਿਹੜੇ ਅੱਜ ਅਮਰੀਕਾ ਨੂੰ ਇੱਕ ਮਹਾਨ ਮੁਲਕ ਬਣਾਉਂਦੇ ਹਨ। ਅਜਿਹੇ ਸਿਧਾਂਤਾਂ ਵਿਚ ਕਿਹਾ ਗਿਆ ਹੈ ਕਿ "ਰੱਬ ਇੱਕ ਹੈ", "ਸਿਰਫ਼ ਇੱਕ ਮਾਨਸ ਜਾਤ ਹੈ", ਅਤੇ "ਰੱਬ ਨੇ ਸਾਨੂੰ ਸਾਰਿਆਂ ਨੂੰ ਬਰਾਬਰ ਬਣਾਇਆ ਹੈ।"
ਆਪਣੇ ਸਮੁੱਚੇ ਸਿਆਸੀ ਜੀਵਨ ਦੌਰਾਨ ਮੈਂ, ਭਾਰਤ ਅਤੇ ਦੁਨੀਆ ਭਰ ਵਿੱਚ ਨਸਲੀ ਘੱਟ ਗਿਣਤੀ ਕੌਮਾਂ ਅਤੇ ਗਰੁੱਪਾਂ ਲਈ ਉਨ੍ਹਾਂ ਦੇ ਸਿਧਾਂਤਾਂ ਅਤੇ ਧਾਰਮਿਕ ਆਜ਼ਾਦੀ ਨੂੰ ਨਿਭਾਉਣ ਦੇ ਰੱਬੀ ਅਧਿਕਾਰਾਂ ਦੀ ਰੱਖਿਆ ਲਈ ਅਣਥੱਕ ਮਿਹਨਤ ਕੀਤੀ ਹੈ। ਮੇਰੀ ਭਾਰਤ ਯਾਤਰਾ ਦੌਰਾਨ, ਮੈਨੂੰ ਸਿੱਖ ਭਾਈਚਾਰੇ ਦੀਆਂ ਕੁਰਬਾਨੀਆਂ, ਨਿੱਘੇ ਅਤੇ ਨਰਮ ਸੁਭਾਅ ਅਤੇ ਉਹਨਾਂ ਦੀ ਮਨੁੱਖੀ ਹੱਕਾਂ ਲਈ ਅਟੁੱਟ ਵਚਨਬੱਧਤਾ ਬਾਰੇ ਜਾਣਨ ਦਾ ਮੌਕਾ ਮਿਲਿਆ।
ਤੁਸੀਂ ਕਈ ਦਹਾਕਿਆਂ ਤੋਂ, ਆਪਣੀ ਆਜ਼ਾਦੀ ਲਈ ਬਹਾਦਰੀ ਨਾਲ ਸੰਘਰਸ਼ ਕਰ ਰਹੇ ਹੋ। ਤੁਹਾਡੇ ਨਾਲ ਘੋਰ ਜ਼ੁਲਮ ਹੋਇਆ ਅਤੇ ਨਾਇਨਸਾਫ਼ੀ ਕੀਤੀ ਗਈ, ਤੁਸੀਂ ਧੋਖੇਬਾਜ਼ੀਆਂ ਨੂੰ ਸਹਿਣ ਕੀਤਾ ਹੈ, ਅਤੇ ਨਸਲਕੁਸ਼ੀ ਦੇ ਹਮਲਿਆਂ ਵਿਚੋਂ ਲੰਘੇ ਹੋ। ਤੁਹਾਡੇ ਸਭ ਤੋਂ ਪਵਿੱਤਰ ਸਥਾਨਾਂ ਦੀ ਬੇਅਦਬੀ ਕੀਤੀ ਗਈ। ਸਭ ਤੋਂ ਪਵਿੱਤਰ ਅਸਥਾਨ, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਤੁਹਾਡੇ ਅਕਾਲ ਤਖ਼ਤ 'ਤੇ ਵੀ ਭਾਰਤੀ ਫੌਜ ਦੇ ਟੈਂਕਾਂ ਅਤੇ ਤੋਪਖਾਨੇ ਨੇ ਬੇਰਹਿਮੀ ਨਾਲ ਹਮਲਾ ਕੀਤਾ, ਜਿਸ ਦੇ ਨਤੀਜੇ ਵਜੋਂ ਬੇਰਹਿਮੀ ਨਾਲ ਹਜ਼ਾਰਾਂ ਸਿੱਖ ਮਾਰ ਦਿੱਤੇ ਗਏ।
ਸਿਰਫ਼ ਪੰਜਾਬ ਵਿੱਚ ਹੀ ਨਹੀਂ, ਸਗੋਂ Transnational Repression ਅਮਰੀਕਾ, ਕੈਨੇਡਾ, ਯੂਕੇ ਅਤੇ ਹੋਰਨਾਂ ਦੇਸ਼ਾਂ ਵਿੱਚ ਵੀ, ਤੁਹਾਨੂੰ ਧੋਖੇਬਾਜ਼, ਗੁਪਤ ਚਾਲਾਂ ਰਾਹੀਂ ਨਿਸ਼ਾਨਾ ਬਣਾਇਆ ਗਿਆ ਹੈ। ਤੁਸੀਂ ਅੱਜ ਇੱਥੇ ਆਪਣੀ ਗੱਲ ਕਰ ਰਹੇ ਹੋ ਕਿਉਂਕਿ ਤੁਸੀਂ ਇਨ੍ਹਾਂ ਦੁਖਾਂਤਾਂ ਦਾ ਸਬਰ ਨਾਲ ਟਾਕਰਾ ਕੀਤਾ ਹੈ, ਅਤੇ ਤੁਸੀਂ ਧਾਰਮਿਕ ਆਜ਼ਾਦੀ ਅਤੇ ਮਨੁੱਖੀ ਇਨਸਾਫ਼ ਦੇ ਪਵਿੱਤਰ ਕਾਜ ਲਈ ਵਫ਼ਾਦਾਰੀ ਅਤੇ ਅਮਨ ਨਾਲ ਡਟ ਕੇ ਖੜ੍ਹੇ ਹੋ।
ਤੁਸੀਂ 1947 ਤੋਂ ਆਪਣੇ ਹੱਕਾਂ ਲਈ ਨਿਰੰਤਰ ਸੰਘਰਸ਼ ਕਰ ਰਹੇ ਹੋ, ਅਤੇ ਨਰਕ ਭਰੇ ਜ਼ੁਲਮ ਦੇ ਬਾਵਜੂਦ, ਤੁਸੀਂ ਆਤਮਕ ਤੌਰ 'ਤੇ ਡਰੇ ਅਤੇ ਝੁਕੇ ਨਹੀਂ। ਇਸ ਦੀ ਬਜਾਏ, ਤੁਸੀਂ ਪਹਿਲਾਂ ਨਾਲੋਂ ਕਿਤੇ ਵੱਧ ਮਜ਼ਬੂਤ ਅਤੇ ਦ੍ਰਿੜ ਇਰਾਦੇ ਨਾਲ ਅੱਗੇ ਆਏ ਹੋ। ਦੁਨੀਆ ਨੇ ਤੁਹਾਡੇ ਇਸ ਰੁਖ਼ ਵੱਲ ਧਿਆਨ ਵੀ ਦਿੱਤਾ ਹੈ, ਅਤੇ ਅੱਜ ਦੁਨੀਆ ਭਰ ਦੇ ਸਿੱਖਾਂ ਲਈ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸੁਨਹਿਰੀ ਭਵਿੱਖ ਉੱਭਰ ਕੇ ਸਾਹਮਣੇ ਦਿਖਾਈ ਦੇ ਰਿਹਾ ਹੈ।
ਇਸ ਲਈ, ਭੈਣੋ ਅਤੇ ਭਰਾਵੋ, ਹੁਣ ਸਮਾਂ ਆ ਗਿਆ ਹੈ ਕਿ ਸਿੱਖ ਲੋਕ ਆਪਣੀ ਪੁਰ-ਬੁਲੰਦ ਅਤੇ ਬੌਧਿਕ, ਪਹੁੰਚ ਵਾਲੀ ਆਵਾਜ਼, ਨੂੰ ਇੱਕ ਸੁਰ ਵਿਚ ਹੋਰ ਉੱਚੀ ਕਰਨ ਅਤੇ ਇੱਕ ਅਜਿਹਾ ਪਲੇਟਫ਼ਾਰਮ ਬਣਾਉਣ ਜੋ ਆਪਣੀ ਕਿਸਮਤ ਨੂੰ ਘੜਨ ਲਈ ਆਪਣੀ ਧਾਰਮਿਕ, ਰਾਜਨੀਤਿਕ, ਸਮਾਜਿਕ ਅਤੇ ਆਰਥਿਕ ਇੱਛਾ ਅਤੇ ਸੁਪਨਿਆਂ ਨੂੰ ਦਲੇਰੀ ਨਾਲ ਦੁਨੀਆ ਸਾਹਮਣੇ ਪੇਸ਼ ਕਰਨ। ਇਸ ਦੇ ਅਗਲੇ ਕਦਮ ਵਜੋਂ, ਸੰਘਰਸ਼ ਕਰ ਰਹੀਆਂ ਸਿੱਖ ਧਿਰਾਂ ਇਸ ਜੂਨ ਵਿੱਚ 'ਖਾਲਿਸਤਾਨ ਸੰਮੇਲਨ 2025' ਲਈ ਫੀਨਿਕਸ ਵਿੱਚ ਇਕੱਠੀਆਂ ਹੋਣਗੀਆਂ।
ਅੱਜ ਦੀ ਇਸ ਪਵਿੱਤਰ ਸਵੇਰ ਮੈਂ ਤੁਹਾਡੇ ਸਾਰਿਆਂ ਦੇ ਦਰਮਿਆਨ, ਤੁਹਾਨੂੰ ਇਹ ਦੱਸਣ ਵਿੱਚ ਖੁਸ਼ੀ ਮਹਿਸੂਸ ਕਰਦਾ ਹਾਂ ਕਿ ਹੋਰਨਾਂ ਮੁਲਕਾਂ ਦੇ ਸਮੂਹ 'ਚ ਸੌਵਰਨ ਸਟੇਟ ਖਾਲਿਸਤਾਨ ਦੀ ਖਾਲੀ ਕੁਰਸੀ ਸਿੱਖਾਂ ਦੀ ਆਜ਼ਾਦੀ ਨੂੰ ਉਡੀਕ ਰਹੀ ਹੈ। ਮੈਂ ਇਹ ਸਭ ਕੁਝ ਇੱਕ ਆਮ ਦਰਸ਼ਕ ਵਜੋਂ ਨਹੀਂ ਕਹਿ ਰਿਹਾ, ਬਲਕਿ ਇੱਕ ਅਜਿਹੇ ਵਿਅਕਤੀ ਵਜੋਂ ਦੱਸ ਰਿਹਾ ਹਾਂ, ਜੋ ਇਸ ਇਤਿਹਾਸਕ ਦਿਹਾੜੇ ਮੌਕੇ ਤੁਹਾਡੇ ਨਾਲ ਖੜ੍ਹੇ ਹੋਣ ਦਾ ਨਿੱਜੀ ਤੌਰ 'ਤੇ ਮਾਣ ਮਹਿਸੂਸ ਕਰਦਾ ਹੈ।
ਮੈਂ ਰੱਬ ਅੱਗੇ ਇਹ ਅਰਦਾਸ ਕਰਦਾ ਹਾਂ ਕਿ ਅਸੀਂ ਇਸ ਪਵਿੱਤਰ ਜਗ੍ਹਾ 'ਤੇ ਫੇਰ ਇਕੱਠੇ ਹੋਵਾਂਗੇ, ਅਤੇ ਸਰਬਸ਼ਕਤੀਮਾਨ ਰੱਬ ਦਾ ਧੰਨਵਾਦ ਕਰਾਂਗੇ ਕਿ ਸਿੱਖਾਂ ਦੇ ਸੌਵਰਨ ਖਾਲਿਸਤਾਨ ਨੂੰ ਦੁਨੀਆ ਦੇ ਨਕਸ਼ੇ 'ਤੇ ਲਿਆਉਣ ਦਾ ਸੁਪਨਾ ਸਾਕਾਰ ਹੋ ਗਿਆ ਹੈ। ਖਾਲਿਸਤਾਨ ਜਿੰਦਾਬਾਦ