06/03/2025
ਜੇ ਮੇਰੀ ਕਦੇ ਬੇਟੀ ਹੋਵੇ, ਤਾਂ ਮੈਂ ਉਸਦੀ ਲੋਹੜੀ ਬਿਲਕੁੱਲ ਨਾ ਮਨਾਵਾਂ! ਭਾਈ ਸਭ ਤੋਂ ਪਹਿਲਾਂ ਇਹ ਕਲੀਅਰ ਕਰ ਦੇਵਾਂ ਕਿ ਜਿਹੜੇ ਦੋਸਤ ਆਪਣੀਆਂ ਬੱਚੀਆਂ ਦੀ ਲੋਹੜੀ ਮਨਾ ਰਹੇ ਨੇ, ਉਨਾਂ ਦੇ ਖਿਲਾਫ ਨਹੀਂ ਹਾਂ, ਉਨਾਂ ਨੂੰ ਬਹੁਤੀਆਂ ਮੁਬਾਰਕਾਂ, ਬੱਸ ਨਿੱਜੀ ਖਿਆਲ ਲਿਖ ਰਹੀ ਹਾਂ!
ਜਦੋਂ ਮੇਰਾ ਜਨਮ ਹੋਇਆ ਸੀ ਮੇਰੀ ਲੋਹੜੀ ਵੀ ਨਹੀਂ ਮਨਾਈ ਗਈ ਸੀ, ਕਿਉਂਕਿ ਪਹਿਲਾਂ ਲੜਕੀਆਂ ਦੀ ਲੋਹੜੀ ਨਹੀਂ ਮਨਾਈ ਜਾਂਦੀ ਸੀ। ਕੁਝ ਕੁ ਸਾਲਾਂ ਤੋਂ ਇਹ ਰਿਵਾਜ਼ ਬਣਿਆ ਹੈ। ਜੇ ਮੇਰੀ ਬੇਟੀ ਹੋਵੇ ਤਾਂ ਮੈਂ ਫਿਰ ਵੀ ਉਸ ਲਈ ਇਹ ਰਿਵਾਜ ਨਾ ਮਨਾਵਾਂ ਜੋ ਮੈਂਨੂੰ ਇਸ ਤਰਾਂ ਲੱਗੇ ਕਿ ਮੈਂ ਸਮਾਜ ਨੂੰ ਕਿਸੇ ਬਰਾਬਰੀ ਦਾ ਦਿਖਾਵਾ ਕਰਨ ਦੇ ਚੱਕਰ ਵਿਚ, ਬੇਟਿਆਂ ਲਈ ਮਨਾਇਆ ਜਾਂਦਾ ਤਿਉਹਾਰ ਉਸਨੂੰ ਖੈਰਾਤ ਵਿਚ ਦੇ ਰਹੀ ਹਾਂ। ਇਸ ਲਈ ਕਿਸੇ ਨਵੇਂ ਤਰੀਕੇ ਨਾਲ ਉਸਦੇ ਪੈਰਾਂ ਨੂੰ ਖੁਸ਼ਆਮ-ਦੀਦ ਕਹਾਂ, ਪਰ ਲੋਹੜੀ ਨਾਲ ਨਹੀਂ।
ਜਦੋਂ ਮੇਰੀ ਦੀਦੀ ਤੇ ਮੇਰੇ ਬਾਦ ਮੇਰੇ ਵੀਰੇ ਦਾ ਜਨਮ ਹੋਇਆ ਸੀ ਉਦੋਂ ਉਸਦੀ ਲੋਹੜੀ ਮਨਾਈ ਗਈ ਸੀ। ਉਸਤੋਂ ਪਹਿਲਾਂ ਮੈਨੂੰ ਪੂਰੀ ਤਰਾਂ ਯਾਦ ਹੈ ਕਿ ਆਂਟੀਆਂ ਚਾਚੀਆਂ ਤਾਈਆਂ ਨੇ ਸਾਡੇ ਸਾਹਮਣੇ ਡੈਡੀ ਨੂੰ ਕਹਿਣਾ ਕਿ ਅਜੈਬ ਸਿਆਂ ਬੱਸ ਰੱਬ ਤੈਨੂੰ ਇਕ ਜਵਾਕ ਦੇ ਦੇਵੇ! ਸੋਚਦੀ ਸੀ ਯਾਰ ਜਵਾਕ ਤਾਂ ਬੱਚਾ ਹੁੰਦਾ, ਅਸੀਂ ਬੱਚੇ ਨਹੀਂ? ਕਿ ਅਸੀਂ ਗਿਣਤੀ ਵਿਚ ਨਹੀਂ। ਕਮਾਲ ਦੀ ਗੱਲ ਹੈ ਕਿ ਇਹ 80ਵਿਆਂ ਦੀਆਂ ਗੱਲਾਂ ਨੇ ਅਤੇ ਹੁਣ 2022 ਹੈ। ਪਿਛਲੇ ਸਾਲ ਘਰੇਲੂ ਹਿੰਸਾ ਤੇ ਲੜੀਵਾਰ ਤਿਆਰ ਕੀਤਾ ਸੀ, ਬਹੁਤ ਸਾਰੇ ਤੱਥਾਂ ਅਤੇ ਅੰਕੜਿਆਂ ਦੇ ਆਧਾਰ ਤੇ ਕੈਨੇਡਾ ਵਿਚ ਵੀ ਆਪਣੀ ਕੌਮੂਨਿਟੀ ਵਿਚ ਲੜਕੀ ਅਤੇ ਲੜਕੇ ਜੰਮਣ ਦੇ ਫਰਕ ਨਾਲ ਸੰਬੰਧਿਤ ਬਹੁਤ ਔਰਤਾਂ, ਪਰਿਵਾਰਾਂ ਅਤੇ ਬੱਚੀਆਂ ਨਾਲ ਗੱਲ ਕੀਤੀ ਸੀ। ਮੈਂ ਹੈਰਾਨ ਹਾਂ, ਕਿ ਜਿਹੜੀ ਬੱਚੀ ਅੱਜ 7 ਸਾਲ ਦੀ ਹੈ, ਉਸਨੂੰ ਵੀ ਉਹੀ ਫੀਲਿੰਗਜ਼ ਨੇ ਜੋ ਸੱਤ ਸਾਲ ਦੀ ਉਮਰ ਵਿਚ ਮੈਨੂੰ ਰਹੀਆਂ ਹੋਣਗੀਆਂ ਕਿ ਬੱਸ ਵੀਰਾ ਹੋਵੇ ਤਾਂ ਹੀ ਘਰ ਵਿਚ ਖੁਸ਼ੀ ਹੋ ਸਕਦੀ ਹੈ। ਇਕ ਬੱਚੀ ਰਾਤ ਨੂੰ ਸੌਣ ਵੇਲੇ ਆਪਣੀ ਮਾਸੀ ਨੂੰ ਕਹਿੰਦੀ ਹੈ, “ਮਾਸੀ, ਆਈ ਵਿਸ਼ ਵੀ ਹੈਵ ਅ ਬ੍ਰਦਰ, ਐਵਰੀਵਨ ਵਿਲ ਬੀ ਸੋ ਹੈਪੀ।” ਬਹੁਤ ਵਾਕਿਆ ਹੋਏ ਇਸ ਲੜੀਵਾਰ ਦੀ ਸ਼ੂਟਿੰਗ ਦੌਰਾਨ ਜੋ ਹੈਰਾਨ ਤੇ ਪਰੇਸ਼ਾਨ ਕਰਨ ਵਾਲੇ ਸੀ। ਐਨੀਵੇ, ਮੈਨੂੰ ਇਸ ਗੱਲ ਦੀ ਕੋਈ ਨਾਰਾਜ਼ਗੀ ਵੀ ਨਹੀਂ ਕਿ ਮੇਰੇ ਵੀਰੇ ਦੀ ਲੋਹੜੀ ਹੋਈ ਮੇਰੀ ਨਹੀਂ। ਪਰ ਇਕ ਗੱਲ ਪੱਕੀ ਹੈ ਕਿ ਮੇਰੇ ਲਈ ਲੋਹੜੀ ਘਰ ਦੇ ਲੜਕਿਆਂ ਅਤੇ ਮਰਦਾਂ ਨੂੰ ਰੈਪਰੇਜ਼ੈਂਟ ਕਰਦੀ ਹੈ, ਮੇਰੀ ਭੈਣ, ਭਾਣਜੀਆਂ, ਮਾਂ ਜਾਂ ਮੈਂਨੂੰ ਨਹੀਂ! ਯਕੀਨ ਮੰਨਣਾ, ਮੈਂ ਇੱਥੇ ਵੀ ਦੂਸਰੀ ਬੇਟੀ ਦੇ ਜਨਮ ਤੇ ਉਦਾਸ ਹੋਈਆਂ ਸ਼ਕਲਾਂ ਵੇਖੀਆਂ ਅਤੇ ਸੁਣੀਆਂ ਨੇ। ਕੋਈ ਖੁੱਲਕੇ ਵਧਾਈ ਵੀ ਨਹੀਂ ਦਿੰਦਾ! ਤੀਸਰੀ ਬੱਚੀ ਤਾਂ ਰੱਬ ਖੈਰ ਈ ਕਰੇ ਭਾਈ! ਸੋ ਆਪਾਂ ਨੂੰ ਰੱਬ ਨੇ ਬੇਟੀ ਦਿੱਤੀ ਤਾਂ ਲੋਹੜੀ ਤਾਂ ਨਹੀਂ ਮਨਾਵਾਂਗੇ। ਕੋਈ ਨੀ, ਹੋਰ ਕੋਈ ਨਵੀ ਸੈਲੀਬਰੇਸ਼ਨ ਕਰਾਂਗੇ!!!
ਵੈਸੇ ਵੀ ਜੇ ਮੇਰੀ ਬੇਟੀ ਹੋਵੇ, ਤਾਂ ਮੈਂ ਉਸਨੂੰ ਆਪਣੇ ਬੇਟੇ ਦੇ ਬਰਾਬਰ ਤਾਂ ਬਿਲਕੁੱਲ ਨਹੀਂ ਰੱਖਣਾ, ਕਿਉਂਕਿ ਮੇਰਾ ਬੇਟਾ ਵੀ ਉਸਦੇ ਬਰਾਬਰ ਨਹੀਂ ਹੋਵੇਗਾ। ਹੋਣਾ ਵੀ ਨਹੀਂ ਚਾਹੀਦਾ। ਤੇ ਬੇਟੀ ਵੀ ਬੇਟੇ ਦੇ ਬਰਾਬਰ ਨਹੀਂ ਹੋਣੀ ਚਾਹੀਦੀ। ਬੱਚੇ ਤਾਂ ਬੱਚੇ ਹੁੰਦੇ ਨੇ। ਪਰ ਮੈਂ ਆਪਣੀ ਬੇਟੀ ਨੂੰ ਬੇਟੇ ਵਾਂਗ ਨਹੀਂ ਪਾਲਾਂਗੀ ਕਿਉਂਕਿ ਬੇਟੇ ਨੂੰ ਵੀ ਬੇਟੀ ਵਾਂਗ ਨਹੀਂ ਪਾਲਾਂਗੀ। ਜੇਕਰ ਕਿਸੇ ਦੇ ਦੋ ਬੇਟੀਆਂ ਜਾਂ ਤਿੰਨ ਬੇਟੀਆਂ ਹੁਂਦੀਆਂ ਨੇ, ਤਾਂ ਤੁਸੀਂ ਬਹੁਤ ਵਾਰ ਮਾਪਿਆਂ ਨੂੰ ਇਹ ਕਹਿੰਦਿਆਂ ਸੁਣਿਆ ਹੋਣਾ, “ਇਹ ਸਾਡੀਆਂ ਬੇਟੀਆਂ ਨਹੀਂ ਬੇਟੇ ਈ ਨੇ।”
ਜੇਕਰ ਕਿਸੇ ਦੇ ਦੋ ਪੁੱਤਰ ਜਾਂ ਤਿੰਨ ਪੁੱਤਰ ਹੋਣ, ਕਦੇ ਉਨਾਂ ਨੂੰ ਇਹ ਕਹਿੰਦੇ ਸੁਣਿਆ ਹੈ ਕਿ ਇਹ ਸਾਡੇ ਪੁੱਤਰ ਨਹੀਂ ਜੀ, ਧੀਆਂ ਈ ਨੇ? ਕਿਉਂ!!!?
ਨਾਲੇ ਆਹ ਲਿੰਕ ਵੇਖ ਸਕਦੇ ਹੋ ਇਸੇ ਵਿਸ਼ੇ ਤੇ ਤੱਥ ਅਤੇ ਅੰਕੜੇ! -Loveen Loveen Gill
4. Part 4: Sex-selective abortions and the harm of son preference based on a study in Greater Toronto Area | Behind Closed Doors
Part 4 : https://m.youtube.com/watch?v=P3jejFwYluM